ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਸਤੰਬਰ
ਡਿਪਟੀ ਕਮਿਸ਼ਨਰ ਪੁਲੀਸ ਸਥਾਨਕ ਰੁਪਿੰਦਰ ਸਿੰਘ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲੀਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਤਰ੍ਹਾਂ ਦੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਏਰੀਏ ਅੰਦਰ ਪੈਂਦੇ ਪੈਟਰੋਲ ਪੰਪ, ਐੱਲਪੀਜੀ ਗੈਸ ਏਜੰਸੀਆਂ, ਮੈਰਿਜ ਪੈਲੇਸ, ਮਾਲਜ਼ ਅਤੇ ਮਨੀ ਐਕਸਚੇਂਜ ਦਫ਼ਤਰਾਂ ’ਚ ਵਾਰਦਾਤਾਂ ਹੋ ਜਾਂਦੀਆਂ ਹਨ, ਇਸ ਕਰ ਕੇ ਇਨ੍ਹਾਂ ਸਾਰੀਆਂ ਥਾਵਾਂ ’ਤੇ ਸੀਸੀਟੀਵੀ ਕੈਮਰੇ ਹੁਕਮ ਜਾਰੀ ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ-2 ਲਗਾਏ ਜਾਣ।
ਉਨ੍ਹਾਂ ਕਿਹਾ ਕਿ ਆਮ ਪਬਲਿਕ ਵੱਲੋਂ ਵਾਹਨਾਂ ’ਤੇ ਪੁਲੀਸ, ਆਰਮੀ ਜਾਂ ਹੋਰ ਸਰਕਾਰੀ ਸੁਰੱਖਿਆ ਵਿਭਾਗ ਨਾਲ ਮੇਲ ਖਾਂਦਾ ਲੋਗੋ ਅਣ-ਅਧਿਕਾਰਤ ਤੌਰ ’ਤੇ ਲਗਾਉਣਾ ਗੈਰਕਾਨੂੰਨੀ ਹੈ। ਰਾਤ 10 ਵਜੇ ਤੋੋਂ ਸਵੇਰੇ 6 ਵਜੇ ਤੱਕ ਐਮਰਜੈਂਸੀ ਹਾਲਾਤਾਂ ਨੂੰ ਛੱਡ ਕੇ ਕਿਸੇ ਵੀ ਕਿਸਮ ਦਾ ਸ਼ੋੋਰ ਸੰਗੀਤ ਅਤੇ ਉੱਚੀ ਆਵਾਜ਼ ਕਰਨ ਵਾਲਾ ਕੋਈ ਵੀ ਯੰਤਰ ਚਲਾਉਣ ਜਾਂ ਵਜਾਉਣ ’ਤੇ ਮਨਾਹੀ ਕੀਤੀ ਗਈ ਹੈ।