ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਫਰਵਰੀ
ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਅੱਜ ਬੇਟ ਇਲਾਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਪਿੰਡ ਗੋਰਸੀਆਂ ਮੱਖਣ ’ਚ ਦੋ ਥਾਵਾਂ ’ਤੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਇਲਾਵਾ ਸੁਆਣੀਆਂ ਲਈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਲੇਖਾ-ਜੋਖਾ ਵਿਧਾਇਕਾਂ ਦਾ ਹੁੰਦਾ ਹੈ ਜੋ ਪੰਜ ਸਾਲ ਵਿਧਾਨ ਸਭਾ ’ਚ ਕਿਸੇ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ਿਮਨੀ ਚੋਣ ਹਾਰਨ ਦੇ ਬਾਵਜੂਦ ਢਾਈ ਸਾਲਾਂ ’ਚ ਜੋ ਹਲਕੇ ਦੇ ਲੋਕਾਂ ਦੀ ਸੇਵਾ ਤੇ ਵਿਕਾਸ ਦੇ ਕੰਮ ਕੀਤੇ ਉਹ ਰਿਪੋਰਟ ਕਾਰਡ ਸਭ ਦੇ ਸਾਹਮਣੇ ਹੈ। ਇਸ ਲਈ ਵੋਟ ਦੇਣ ਸਮੇਂ ਇਸ ਗੱਲ ਨੂੰ ਲਾਜ਼ਮੀ ਧਿਆਨ ’ਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਬਣਾ ਕੇ ਲੋਕਾਂ ਨੂੰ ਸੜਕਾਂ ’ਤੇ ਰੋਲਣ ਵਾਲੇ ਹੁਣ ਵੋਟਾਂ ਮੰਗ ਰਹੇ ਹਨ। ਕੈਪਟਨ ਸੰਧੂ ਨੇ ਕਿਹਾ ਕਿ ਵੋਟਾਂ ਪਾਉਣ ਤੋਂ ਪਹਿਲਾਂ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਦੀ ਕੁਰਬਾਨੀ ਲਈ ਜ਼ਿੰਮੇਵਾਰੀ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਜ਼ਰੂਰ ਕੀਤੇ ਜਾਣ।
ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਨੇ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਕੈਪਟਨ ਸੰਧੂ ਨੂੰ ਪਿੰਡ ਵਿੱਚੋਂ ਜਿਤਾ ਕੇ ਭੇਜਿਆ ਸੀ ਤੇ ਐਂਤਕੀ ਫਿਰ ਉਹੀ ਇਤਿਹਾਸ ਦੁਹਰਾ ਕੇ ਕੈਪਟਨ ਸੰਧੂ ਨੂੰ ਵਿਧਾਇਕ ਚੁਣਿਆ ਜਾਵੇਗਾ। ਇਸ ਤੋਂ ਬਾਅਦ ਪਿੰਡ ਭਰੋਵਾਲ ਕਲਾਂ ਪਹੁੰਚੇ ਤੇ ਉਨ੍ਹਾਂ ਨੇ ਬਿੱਕਰ ਸਿੰਘ ਦੇ ਘਰ ਵਰਕਰਾਂ ਨਾਲ ਮੀਟਿੰਗ ਵੀ ਕੀਤੀ।