ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਮਾਰਚ
ਪਿਛਲੇ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਤੇ ਕਿਸਾਨਾਂ ਦੇ ਸਮਰਥਨ ਵਿਚ ਜੰਤਰ ਮੰਤਰ ’ਤੇ ਧਰਨਾ ਲਗਾ ਕੇ ਬੈਠੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਬਜਟ ਇਜਲਾਸ ਲਈ ਕਾਂਗਰਸ ਸੰਸਦੀ ਦਲ ਦਾ ਆਗੂ ਥਾਪਿਆ ਗਿਆ ਹੈ। ਲੋਕ ਸਭਾ ਮੈਂਬਰ ਬਿੱਟੂ ਦੀ ਇਸ ਨਵੀਂ ਜ਼ਿੰਮੇਵਾਰੀ ਦੇ ਨਾਲ ਹੀ ਲੁਧਿਆਣਾ ਵਿਚ ਬਿੱਟੂ ਦੇ ਸਮਰਥਕਾਂ ਪੱਬਾਂ ਭਾਰ ਹਨ।
ਸਮਰਥਕਾਂ ਵਿਚ ਖੁਸ਼ੀ ਹੈ ਕਿ ਬਿੱਟੂ ਹਾਈ ਕਮਾਂਡ ਦੇ ਨੇੜੇ ਹਨ, ਇਸੇ ਕਰਕੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬਾਹਰੀ ਹਲਕੇ ਤੋਂ ਲੁਧਿਆਣਾ ਵਿੱਚ ਲੋਕ ਸਭਾ ਚੋਣ ਲੜਨ ਲਈ ਪੁੱਜੇ ਰਵਨੀਤ ਸਿੰਘ ਬਿੱਟੂ ਦਾ ਜ਼ਿਲ੍ਹੇ ਵਿਚ ਚੰਗਾ ਸਿਆਸੀ ਰਸੂਖ ਸੀ, ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਰਵਨੀਤ ਸਿੰਘ ਬਿੱਟੂ ਦੀ ਟਿਕਟਾਂ ਦੀ ਵੰਡ ਸਣੇ ਕਾਫੀ ਚੱਲੀ ਸੀ ਨਾਲ ਹੀ ਜਦੋਂ ਸੀਨੀਅਰ ਵਿਧਾਇਕਾਂ ਨੂੰ ਸਾਈਡ ਲਾਈਨ ਕਰਕੇ ਵਿਧਾਇਕ ਭਾਰਤ ਭੂਸ਼ਨ ਆਸ਼ੂ ਨੂੰ ਕੈਬਨਿਅ ਮੰਰਤਰੀ ਬਣਾਇਆ ਗਿਆ ਸੀ, ਤਾਂ ਉਸ ਪਿਛੇ ਵੀ ਬਿੱਟੂ ਦਾ ਕਾਫ਼ੀ ਵੱਡਾ ਰੋਲ ਸੀ, ਪਰ ਜਿਵੇਂ ਹੀ ਵਿਧਾਇਕ ਆਸ਼ੂ ਨੂੰ ਝੰਡੀ ਵਾਲੀ ਕਾਰ ਮਿਲੀ ਤਾਂ ਲੁਧਿਆਣਾ ਵਿਚ ਬਿੱਟੂ ਦੇ ਨਾਲੋਂ ਮੰਤਰੀ ਆਸ਼ੂ ਦੀ ਪੁੱਛ ਪੜਤਾਲ ਤੇ ਸਿਆਸੀ ਕੱਦ ਵੱਡਾ ਹੋ ਗਿਆ।
ਕਰੋਨਾ ਦੇ ਆਉਣ ਤੋਂ ਲੈ ਕੇ ਹੁਣ ਤੱਕ ਬਿੱਟੂ ਲੁਧਿਆਣਾ ਦੀ ਭਖ਼ਦੀ ਸਿਆਸਤ ਤੋਂ ਆਊਟ ਹੀ ਸਨ, ਜਿਸ ਕਾਰਨ ਉਨ੍ਹਾਂ ਦੇ ਸਮਰਥਕ ਨਿਰਾਸ਼ ਵੀ ਸਨ, ਪਰ ਹੁਣ ਦੁਬਾਰਾ ਹਾਈ ਕਮਾਂਡ ਵੱਲੋਂ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਤੋਂ ਬਾਅਦ ਬਿੱਟੂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ। ਲੁਧਿਆਣਾ ਵਿਚ ਹੁਣ ਦੁਬਾਰਾ ਬਿੱਟੂ ਨੂੰ ਵਧਾਈਆਂ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ ਤੇ ਸੋਸ਼ਲ ਮੀਡੀਆ ’ਤੇ ਪੋਸਟਾਂ ਪੈਣੀ ਸ਼ੁਰੂ ਹੋ ਗਈਆਂ ਹਨ। ਪਾਰਟੀ ਦੇ ਇਸ ਫੈਸਲੇ ਨਾਲ ਲੋਕ ਸਭਾ ਬਿੱਟੂ ਦਾ ਧੜਾ ਹੋਰ ਵੀ ਸ਼ਕਤੀਸ਼ਾਲੀ ਹੋ ਗਿਆ ਹੈ।