ਸਤਵਿੰਦਰ ਬਸਰਾ
ਲੁਧਿਆਣਾ, 21 ਮਈ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਅਧਿਆਪਕ ਜਥੇਬੰਦੀ ਨੇ ਇੱਕ ਨਿਆਂਇਕ ਅਧਿਕਾਰੀ ਵੱਲੋਂ ਪ੍ਰੋਫੈਸਰ ਵਿਰੁੱਧ ਪਰਚਾ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਸਵੇਰੇ 10 ਤੋਂ 12 ਵਜੇ ਤਕ ਪ੍ਰਦਰਸ਼ਨ ਕਰਦਿਆਂ ਪਸ਼ੂ ਹਸਪਤਾਲ ਦੀਆਂ ਓਪੀਡੀ ਸੇਵਾਵਾਂ ਮੁਅੱਤਲ ਰੱਖੀਆਂ। ਅਧਿਆਪਕ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਇਲਾਜ ਦੌਰਾਨ ਇੱਕ ਕੁੱਤੇ ਦੀ ਮੌਤ ਹੋ ਗਈ ਸੀ ਜੋ ਕਿ ਉਕਤ ਅਧਿਕਾਰੀ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਕਥਿਤ ਤੌਰ ਤੇ ਕੁੱਤੇ ਨੂੰ ਗ਼ਲਤ ਢੰਗ ਨਾਲ ਸੰਭਾਲਣ ਕਾਰਨ ਹੋਈ ਸੀ ਪਰ ਇਸ ਅਧਿਕਾਰੀ ਨੇ ਆਪਣੇ ਸੁਰੱਖਿਆ ਕਰਮੀਆਂ ਦੀ ਗ਼ਲਤੀ ਦੀ ਥਾਂ ਯੂਨੀਵਰਸਿਟੀ ਅਧਿਆਪਕ ’ਤੇ ਪਰਚਾ ਮੜ੍ਹ ਦਿੱਤਾ।
ਅਧਿਆਪਕ ਜਥੇਬੰਦੀ ਦੇ ਪ੍ਰਧਾਨ ਡਾ. ਅਸ਼ਵਨੀ ਕੁਮਾਰ ਨੇ ਕਿਹਾ ’ਵਰਸਟੀ ਦੇ ਪਸ਼ੂ ਹਸਪਤਾਲ ਵਿਚ ਰੋਜ਼ ਪੰਜਾਬ ਅਤੇ ਨਾਲ ਲਗਦੇ ਸੂਬਿਆਂ ਤੋਂ 100 ਤੋਂ 150 ਕੇਸਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਮਹਾਮਾਰੀ ਤੇ ਤਾਲਾਬੰਦੀ ਦੇ ਸਮੇਂ ਵੀ ਡਾਕਟਰ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਮੌਕੇ ਅਧਿਆਪਕਾਂ ਨੇ ਕਾਲੇ ਬਿੱਲੇ ਲਗਾ ਕੇ ਅਤੇ ਹਸਪਤਾਲ ਦੀਆਂ ਸੇਵਾਵਾਂ ਦੋ ਘੰਟੇ ਬੰਦ ਰੱਖ ਕੇ ਇਸ ਗ਼ਲਤ ਕਾਰਵਾਈ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਡਾ. ਅਸ਼ਵਨੀ ਨੇ ਪਸ਼ੂ ਪਾਲਕਾਂ ਅਤੇ ਪਾਲਤੂ ਜਾਨਵਰਾਂ ਦੇ ਮਾਲਕਾਂ ਕੋਲੋਂ ਸੇਵਾਵਾਂ ਬੰਦ ਰਹਿਣ ਸਬੰਧੀ ਹੋਈ ਪ੍ਰੇਸ਼ਾਨੀ ਬਾਰੇ ਮਾਫ਼ੀ ਵੀ ਮੰਗੀ। ਉਨ੍ਹਾਂ ਕਿਹਾ ਕਿ ਜੇ ਇਹ ਐਫਆਈਆਰ ਰੱਦ ਨਾ ਕੀਤੀ ਗਈ ਤਾਂ ਅਧਿਆਪਕ ਜਥੇਬੰਦੀ ਇਸ ਅੰਦੋਲਨ ਨੂੰ ਹੋਰ ਤੇਜ਼ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ਨਿੱਚਰਵਾਰ 22 ਮਈ ਨੂੰ ਵੀ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ। ਦੂਜੇ ਪਾਸੇ, ਵੈਟਰਨਰੀ ਭਾਈਚਾਰੇ ਵਿੱਚ ਇਸ ਗ਼ਲਤ ਕਾਰਵਾਈ ’ਤੇ ਪੂਰੇ ਪੰਜਾਬ ਵਿਚ ਰੋਸ ਪਾਇਆ ਜਾ ਰਿਹਾ ਹੈ। ਇਹ ਵੀ ਸੁਣਨ ’ਚ ਆਇਆ ਹੈ ਕਿ ਪੰਜਾਬ ਵਿਚ ਕਾਰਜਸ਼ੀਲ ਵਧੇਰੇ ਵੈਟਰਨਰੀ ਡਾਕਟਰ ਇਸ ਅਧਿਆਪਕ ਦੇ ਵਿਦਿਆਰਥੀ ਰਹੇ ਹਨ। ਪੰਜਾਬ ਰਾਜ ਵੈਟਰਨਰੀ ਅਫ਼ਸਰ ਜਥੇਬੰਦੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਨੇ ਚਿਤਾਵਨੀ ਦਿੱਤੀ ਕਿ ਜੇ ਪਰਚਾ ਰੱਦ ਨਹੀਂ ਕੀਤਾ ਜਾਂਦਾ ਤਾਂ ਸਾਰੇ ਪੰਜਾਬ ਵਿਚ ਵੈਟਰਨਰੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਜਾਣਗੀਆਂ।