ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਸਤੰਬਰ
ਸਾਂਝਾ ਫੋਰਮ ਦੇ ਸੱਦੇ ’ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਚੌਕੀਮਾਨ ਟੌਲ ਪਲਾਜ਼ੇ ਸਾਹਮਣੇ ਮੁਜ਼ਾਹਰਾ ਕੀਤਾ। ਇਹ ਮੁਜ਼ਾਹਰਾ ਪੰਜਾਬ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਤੇ ਐੱਨਆਈਏ ਦੇ ਛਾਪਿਆਂ ਦੇ ਵਿਰੋਧ ’ਚ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਦੱਬੇ ਲੋਕਾਂ ’ਤੇ ਹੋਰ ਵਿੱਤੀ ਬੋਝ ਲੱਦ ਦਿੱਤਾ ਹੈ, ਦੂਜੇ ਪਾਸੇ ਮੋਦੀ ਹਕੂਮਤ ਐੱਨਆਈਏ ਦੇ ਛਾਪੇ ਮਰਵਾ ਕੇ ਫੈੱਡਰਲ ਢਾਂਚੇ ਦੀਆਂ ਧੱਜੀਆਂ ਉਡਾ ਰਹੀ ਹੈ। ਇਨਸਾਫ਼ਪਸੰਦ ਵਕੀਲਾਂ ਤੇ ਜੁਝਾਰੂ ਕਿਸਾਨ ਆਗੂਆਂ ਦੇ ਘਰਾਂ ਦਫ਼ਤਰਾਂ ’ਚ ਘੰਟਿਆਂਬੱਧੀ ਛਾਪੇ, ਤਲਾਸ਼ੀਆਂ, ਨੋਟਿਸਾਂ ਤੇ ਗ੍ਰਿਫ਼ਤਾਰੀਆਂ ਦੇ ਦਮਨ ਚੱਕਰ ਖ਼ਿਲਾਫ਼ ਰੋਹ ਤੇਜ਼ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸੱਤ ਕਿਲੋਵਾਟ ਤੋਂ ਉੱਪਰ ਵਾਲੇ ਘਰੇਲੂ ਬਿਜਲੀ ਮੀਟਰਾਂ ਵਾਲਿਆਂ ਦੀ 1800 ਕਰੋੜ ਰੁਪਏ ਦੀ ਸਬਸਿਡੀ ਦਾ ਭੋਗ ਪਾ ਕੇ ਦਰਮਿਆਨੇ ਲੋਕਾਂ ਉੱਪਰ ਹੋਰ ਵੱਡਾ ਬੋਝ ਲੱਦ ਦਿੱਤਾ ਗਿਆ ਹੈ। ਇਸ ਮੌਕੇ ਸਕੱਤਰ ਜਸਦੇਵ ਸਿੰਘ ਲਲਤੋਂ, ਅਮਰੀਕ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਗੁਰਮੇਲ ਸਿੰਘ ਗੁੜੇ, ਗੁਰਮੇਲ ਸਿੰਘ ਕੁਲਾਰ ਤੇ ਜਰਨੈਲ ਸਿੰਘ ਮੁੱਲਾਂਪੁਰ ਨੇ ਕੇਂਦਰ ਨੂੰ ਦਿੱਲੀ ਮੋਰਚਾ- 2 ਵਾਲੇ ਸਾਂਝੇ ਫੋਰਮ ਦੀਆਂ ਸਾਰੀਆਂ ਮੰਗਾਂ ਬਿਨਾਂ ਦੇਰੀ ਤੋਂ ਪ੍ਰਵਾਨ ਕਰਨ ਦੀ ਮੰਗ ਕੀਤੀ। ਇਸ ਮੌਕੇ ਸਰਵਿੰਦਰ ਸਿੰਘ ਸੁਧਾਰ, ਅਵਤਾਰ ਸਿੰਘ ਤਾਰ, ਗੁਰਦੀਪ ਸਿੰਘ ਸਵੱਦੀ, ਸੋਹਨ ਸਿੰਘ ਸਵੱਦੀ, ਗੁਰਸੇਵਕ ਸਿੰਘ ਸੋਨੀ, ਕੁਲਦੀਪ ਸਿੰਘ ਸਵੱਦੀ, ਗੁਰਬਖਸ਼ ਸਿੰਘ ਤਲਵੰਡੀ, ਮਲਕੀਤ ਸਿੰਘ ਤਲਵੰਡੀ, ਤੇਜਿੰਦਰ ਸਿੰਘ ਬਿਰਕ, ਜਗਦੇਵ ਸਿੰਘ ਗੁੜੇ ਅਤੇ ਮੋਹਨ ਸਿੰਘ ਕਲਾਰ ਆਦਿ ਹਾਜ਼ਰ ਸਨ।