ਗੁਰਿੰਦਰ ਸਿੰਘ
ਲੁਧਿਆਣਾ, 7 ਜੁਲਾਈ
ਮੁਸਲਿਮ ਭਾਈਚਾਰੇ ਵੱਲੋਂ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਹੇਠ ਸਵੀਡਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਸਵੀਡਨ ’ਚ ਪਵਿੱਤਰ ਕੁਰਆਨ ਸ਼ਰੀਫ ਨੂੰ ਜਲਾਏ ਜਾਣ ਤੋਂ ਬਾਅਦ ਦੁਨੀਆਂ ਭਰ ਦੇ ਮੁਸਲਮਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਸਬੰਧੀ ਅੱਜ ਫੀਲਡ ਗੰਜ ਚੌਕ ਸਥਿਤ ਇਤਿਹਾਸਕ ਜਾਮਾ ਮਸਜਿਦ ਦੇ ਬਾਹਰ ਇਕੱਠੇ ਹੋਏ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਅਪੀਲ ਕੀਤੀ ਕਿ ਉਹ ਸਵੀਡਨ ਦਾ ਮੁਕੰਮਲ ਬਾਈਕਾਟ ਕਰਕੇ ਉਸ ਵੱਲੋਂ ਬਣਾਇਆ ਗਿਆ ਕੋਈ ਵੀ ਸਮਾਨ ਨਾ ਖਰੀਦਣ।
ਉਨ੍ਹਾਂ ਕਿਹਾ ਕਿ ਕੁਰਆਨ ਸ਼ਰੀਫ ਅੱਲ੍ਹਾ ਤਾਆਲਾ ਦੀ ਪਾਕ ਕਿਤਾਬ ਹੈ ਜਿਸਨੂੰ ਦੁਨੀਆਂ ਭਰ ਦੇ ਮੁਸਲਮਾਨ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸਵੀਡਨ ਦੇ ਫ਼ਿਰਕਾਪ੍ਰਸਤ ਕੁਰਆਨ ਸ਼ਰੀਫ ਨੂੰ ਜਲਾ ਕੇ ਇਹ ਸਮਝ ਰਹੇ ਹਨ ਕਿ ਉਹ ਪਵਿੱਤਰ ਕੁਰਾਨ ਦੇ ਸੁਨੇਹੇ ਨੂੰ ਰੋਕ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਖਾਮ ਖ਼ਿਆਲੀ ਹੈ। ਕੁਰਾਨ ਸ਼ਰੀਫ ਦਾ ਸੁਨੇਹਾ ਦੁਨੀਆਂ ਭਰ ਦੇ ਇਨਸਾਨਾਂ ਲਈ ਆਪਸੀ ਭਾਈਚਾਰੇ ਅਤੇ ਪਿਆਰ-ਮੁਹੱਬਤ ਦਾ ਹੈ ਅਤੇ ਇਹ ਸਾਰਿਆਂ ਲਈ ਬਰਾਬਰੀ ਦੀ ਗੱਲ ਕਰਦਾ ਹੈ ਇਸ ਲਈ ਲੋਕਾਂ ’ਚ ਵੰਡੀਆਂ ਪਾਉਣ ਵਾਲੇ ਫ਼ਿਰਕਾਪ੍ਰਸਤ ਕੁਰਾਨ ਸ਼ਰੀਫ ਨਾਲ ਨਫ਼ਰਤ ਦਾ ਇਜ਼ਹਾਰ ਕਰਦੇ ਹਨ।