ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 31 ਮਈ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਵਿਰੁੱਧ ਕੀਤੇ ਕੂੜ ਪ੍ਰਚਾਰ, ਧਮਕੀਆਂ ਦੇਣ ਅਤੇ ਇਲਾਕੇ ਦੇ ਪਿੰਡਾਂ ’ਚ ਦਹਿਸ਼ਤ ਪਾਉਣ ਲਈ ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਨਾਲ ਲੈ ਕੇ ਦਿੱਤੇ ਦਹਿਸ਼ਤੀ ਗੇੜੇ ਖ਼ਿਲਾਫ਼ ਅੱਜ ਨੇੜਲੇ ਪਿੰਡ ਰਸੂਲਪੁਰ ‘ਚ ਕਿਸਾਨਾਂ ਤੇ ਮਜ਼ਦੂਰਾਂ ਦੀ ਇਕੱਤਰਤਾ ਹੋਈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਕੇਂਦਰੀ ਹਕੂਮਤ ਭਾਰਤੀ ਜਨਤਾ ਪਾਰਟੀ ਆਰਆਰਐਸ ਦਾ ਉਹ ਵਿੰਗ ਹੈ ਜੋ ਹਿੰਦੂ ਰਾਸ਼ਟਰ ਬਣਾਉਣ ਲਈ ਦਲਿਤਾਂ, ਧਾਰਮਿਕ ਘੱਟ ਗਿਣਤੀਆਂ ਦਾ ਕਤਲੇਆਮ ਕਰਕੇ ਦੇਸ਼ ਨੂੰ ਭਾਰਤੀ ਸੰਵਿਧਾਨ ਦੀ ਬਜਾਏ ਮਨੂਸਮ੍ਰਿਤੀ ਅਨੁਸਾਰ ਚਲਾਉਣ ਦੀ ਵਿਚਾਰਧਾਰਿਕ ਸੋਚ ਲਾਗੂ ਕਰਨਾ ਚਾਹੁੰਦਾ ਹੈ। ਫਿਰਕੂ ਫਾਸ਼ੀ ਸੋਚ ਤਹਿਤ ਹੀ ਭਾਜਪਾ ਦੀ ਕੇਂਦਰੀ ਹਕੂਮਤ ਸੂਬਿਆਂ ਨੂੰ ਮਿਲੇ ਮਾਮੂਲੀ ਅਧਿਕਾਰਾਂ ’ਤੇ ਡਾਕਾ ਮਾਰ ਕੇ ਉਨ੍ਹਾਂ ਦਾ ਕੇਂਦਰੀਕਰਨ ਕਰ ਰਹੀ ਹੈ। ਉਹ ਹਰ ਹੱਕੀ ਇਨਸਾਫ਼ਪਸੰਦ ਅਤੇ ਜਮਹੂਰੀ ਆਵਾਜ਼ ਨੂੰ ਤਾਕਤ ਦੇ ਜ਼ੋਰ ਕੁਚਲ ਦੇਣਾ ਚਾਹੁੰਦੀ ਹੈ। ਭਾਜਪਾ ਬਹੁਕੌਮੀ ਦੇਸ਼ ਭਾਰਤ ’ਚੋਂ ਵੱਖ-ਵੱਖ ਧਾਰਮਿਕ, ਨਸਲੀ ਵਿਭਿੰਨਤਾ ਸਭਿਆਚਾਰ, ਪਹਿਚਾਣਾਂ ਅਤੇ ਰੀਤੀ ਰਿਵਾਜਾਂ ਨੂੰ ਖ਼ਤਮ ਲਈ ਹੀ ਇਸ ਵਾਰ 400 ਪਾਰ ਦਾ ਨਾਅਰਾ ਦੇ ਰਹੀ ਹੈ। ਇਹ ਨਾਅਰਾ ਡਾ. ਅੰਬੇਡਕਰ ਦੀ ਅਗਵਾਈ ‘ਚ ਬਣੇ ਭਾਰਤੀ ਸੰਵਿਧਾਨ ਨੂੰ ਖ਼ਤਮ ਕਰਨ ਲਈ ਦਿੱਤਾ ਗਿਆ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਜਗਸੀਰ ਸਿੰਘ ਗਿੱਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਦਾ ਕੇਂਦਰੀਕਰਨ ਕਰਕੇ ਸੂਬਿਆਂ ਦੇ ਹੱਕ ਮਾਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸੁਖਦੇਵ ਸਿੰਘ ਮਾਣੂੰਕੇ ਨੇ ਵੀ ਸੰਬੋਧਨ ਕੀਤਾ।