ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 22 ਸਤੰਬਰ
ਇੱਥੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਦਫ਼ਤਰ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਮਾਣਭੱਤਾ ਨਾ ਮਿਲਣ ਦੇ ਰੋਸ ਵਜੋਂ ਧਰਨਾ ਲਗਾਇਆ ਅਤੇ ਖਾਲੀ ਥਾਲੀਆਂ ਤੇ ਚਮਚੇ ਖੜਕਾ ਕੇ ਪ੍ਰਦਰਸ਼ਨ ਕੀਤਾ। ਧਰਨੇ ਮੌਕੇ ਬਲਾਕ ਜਨਰਲ ਸਕੱਤਰ ਕੁਲਵੰਤ ਕੌਰ ਨੀਲੋਂ ਅਤੇ ਕੈਸ਼ੀਅਰ ਮਨਜੀਤ ਕੌਰ ਸੈਸੋਂਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਮਾਣਭੱਤਾ ਜਲਦੀ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਪਹਿਲਾਂ ਨਾਲੋਂ ਵੀ ਤੇਜ਼ ਕੀਤਾ ਜਾਵੇਗਾ ਤੇ ਦਫ਼ਤਰ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਸਰਕਾਰੀ ਰਿਪੋਰਟ ਦਿੱਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਪਿਛਲੇ ਦੋ ਦਿਨਾਂ ਤੋਂ ਜਾਰੀ ਹੈ, ਪਰ ਉਨ੍ਹਾਂ ਵੱਲ ਨਾ ਤਾਂ ਵਿਭਾਗ ਧਿਆਨ ਦੇ ਰਿਹਾ ਹੈ ਅਤੇ ਨਾ ਹੀ ਸਰਕਾਰ ਦੇ ਕੰਨਾਂ ’ਤੇ ਜੂੰ ਸਰਕ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮਾਣਭੱਤਾ ਰਿਲੀਜ਼ ਨਹੀਂ ਕਰਦੀ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਾਮਰੇਡ ਹਰੀ ਰਾਮ ਭੱਟੀ, ਕਾਰਜਕਾਰੀ ਪ੍ਰਧਾਨ ਪਰਮਜੀਤ ਕੌਰ ਬੈਰਸਾਲ, ਕੁਲਵਿੰਦਰ ਕੌਰ ਭੰਗੂ ਪ੍ਰੈੱਸ ਸਕੱਤਰ, ਪਰਮਜੀਤ ਕੌਰ ਮੁਸ਼ਕਾਬਾਦ, ਹਰਦੀਪ ਕੌਰ ਬੌਂਦਲੀ, ਨੀਲਮ ਤੇ ਗੁਰਪ੍ਰੀਤ ਕੌਰ ਹਾਜ਼ਰ ਸਨ।