ਸੰਤੋਖ ਗਿੱਲ
ਗੁਰੂਸਰ ਸੁਧਾਰ, 18 ਜੁਲਾਈ
ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਵੱਲੋਂ ਲਲਤੋਂ ਕਲਾਂ ਦੇ ਜੇਈ ਚਮਕੌਰ ਸਿੰਘ ਦੀ ਸਿਆਸੀ ਆਧਾਰ ’ਤੇ ਕੀਤੀ ਬਦਲੀ ਵਿਰੁੱਧ ਸੂਬਾ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਟੀਐੱਸਯੂ ਦੇ ਸਰਕਲ ਪ੍ਰਧਾਨ ਜ਼ਮੀਰ ਹੁਸੈਨ ਨੇ ਚਮਕੌਰ ਸਿੰਘ ਜੇਈ ਅਤੇ ਮੁਹਾਲੀ ਸਰਕਲ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਦੀ ਸਿਆਸੀ ਆਧਾਰ ’ਤੇ ਕੀਤੀ ਬਦਲੀ ਰੱਦ ਕਰਨ ਦੀ ਮੰਗ ਕੀਤੀ। ਮੁਲਾਜ਼ਮ ਆਗੂ ਉਪਦੇਸ਼ ਇੰਦਰ ਸਿੰਘ, ਹਰਵਿੰਦਰ ਸਿੰਘ ਭੱਟੀ, ਸਰਬਜੀਤ ਸਿੰਘ, ਗੋਪਾਲ ਦਾਸ, ਜਗਤਾਰ ਸਿੰਘ, ਫੈੱਡਰੇਸ਼ਨ ਏਟਕ ਦੇ ਆਗੂ ਗੌਰਵ ਭਾਰਦਵਾਜ, ਅਮਨਦੀਪ ਸਿੰਘ, ਪੈਨਸ਼ਨਰਾਂ ਦੀਆਂ ਜਥੇਬੰਦੀਆਂ ਵੱਲੋਂ ਇਕਬਾਲ ਸਿੰਘ ਅਤੇ ਮਨਜੀਤ ਸਿੰਘ ਮਨਸੂਰਾਂ ਨੇ ਸੰਬੋਧਨ ਕਰਦਿਆਂ ਪਟਿਆਲਾ ਦੇ ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕਰਨ ਦੀ ਵੀ ਮੰਗ ਕੀਤੀ।
ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਮੁਕਤਸਰ ਅਤੇ ਫ਼ਰੀਦਕੋਟ ਦੇ ਕਾਮਿਆਂ ਵਿਰੁੱਧ ਬਦਲਾ-ਲਊ ਕਾਰਵਾਈਆਂ ਰੱਦ ਕਰਨ, ਸਹਾਇਕ ਲਾਈਨਮੈਨਾਂ ਵਿਰੁੱਧ ਦਰਜ ਪੁਲੀਸ ਕੇਸ ਰੱਦ ਕਰਨ ਅਤੇ ਪੂਰੇ ਸਕੇਲ ਮੁਤਾਬਕ ਤਨਖ਼ਾਹਾਂ ਜਾਰੀ ਕਰਨ ਅਤੇ 2019 ਵਿੱਚ ਭਰਤੀ ਮੁਲਾਜ਼ਮਾਂ ਨੂੰ ਤਨਖ਼ਾਹ ਸਕੇਲ ਦੇਣ ਦੀ ਮੰਗ ਕੀਤੀ। ਇਹ ਵੀ ਐਲਾਨ ਕੀਤਾ ਕਿ ਜਲਦੀ ਵਿਧਾਇਕਾਂ ਰਾਹੀਂ ਬਿਜਲੀ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣਗੇ। 31 ਜੁਲਾਈ ਤੋਂ ਬਾਅਦ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਵਿਸ਼ਾਲ ਧਰਨਾ ਦੇਣ ਦਾ ਵੀ ਐਲਾਨ ਕੀਤਾ ਗਿਆ।