ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਦਸੰਬਰ
ਪੰਜਾਬੀ ਗਾਣੇ ’ਚ ਭਗਵਾਨ ਸ਼ਨੀਦੇਵ ਬਾਰੇ ਅਪਸ਼ਬਦ ਬੋਲਣ ਤੋਂ ਨਰਾਜ਼ ਹਿੰਦੂ ਭਾਈਚਾਰੇ ਨੇ ਪੰਜਾਬੀ ਗਾਇਕ ਗੁਰਮਨ ਮਾਨ ਖ਼ਿਲਾਫ਼ ਮੁਜ਼ਾਹਰਾ ਕੀਤਾ। ਪਿਛਲੇ ਕਾਫ਼ੀ ਦਿਨਾਂ ਤੋਂ ਗਾਣੇ ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਹਿੰਦੂ ਜਥੇਬੰਦੀਆਂ ਨੇ ਪੰਜਾਬੀ ਗਾਇਕ ਖਿਲਾਫ਼ ਸ਼ਿਕਾਇਤ ਦਿੱਤੀ ਹੈ। ਸ਼ਨਿੱਚਰਵਾਰ ਨੂੰ ਤਾਜਪੁਰ ਰੋਡ ਸਥਿਤ ਸ੍ਰੀ ਇੱਛਾਪੂਰਨ ਸ਼ਨੀਦੇਵ ਮੰਦਰ ਦੇ ਅਹੁਦੇਦਾਰ ਅਤੇ ਮੈਂਬਰ ਥਾਣੇ ਦੇ ਬਾਹਰ ਪੁੱਜੇ ਜਿੱਥੇ ਉਨ੍ਹਾਂ ਪੰਜਾਬੀ ਗਾਇਕ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਹਿੰਦੂ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਜਦੋਂ ਉਹ ਥਾਣੇ ਦੇ ਅੰਦਰ ਸ਼ਿਕਾਇਤ ਦੇਣ ਲਈ ਆਏ ਤਾਂ ਪੁਲੀਸ ਨੇ ਉਨ੍ਹਾਂ ਨੂੰ ਧੱਕੇ ਦੇ ਕੇ ਬਾਹਰ ਕਰ ਦਿੱਤਾ, ਪਰ ਪੁਲੀਸ ਦਾ ਕਹਿਣਾ ਹੈ ਕਿ ਕਿਸੇ ਵੀ ਹਿੰਦੂ ਆਗੂ ਜਾਂ ਫਿਰ ਕਿਸੇ ਵਿਅਕਤੀ ਨੂੰ ਧੱਕਾ ਨਹੀਂ ਦਿੱਤਾ ਗਿਆ। ਉਨ੍ਹਾਂ ਤੋਂ ਸ਼ਿਕਾਇਤ ਲਈ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਹਿੰਦੂ ਜਥੇਬੰਦੀ ਨਾਲ ਸਬੰਧ ਰੱਖਣ ਵਾਲੇ ਜਤਿੰਦਰ ਗੋਰੀਅਨ ਨੇ ਕਿਹਾ ਕਿ ਪੰਜਾਬੀ ਗਾਇਕ ਨੇ ਆਪਣੇ ਗਾਣੇ ਨੂੰ ਚਮਕਾਉਣ ਲਈ ਗਲਤ ਰਾਹ ਚੁਣਿਆ ਹੈ।
ਗਾਣੇ ’ਚ ਭਗਵਾਨ ਸ਼ਨੀਦੇਵ ਬਾਰੇ ’ਚ ਜੋ ਅਪਸ਼ਬਦ ਵਰਤੇ ਗਏ ਹਨ, ਉਹ ਸਰਾਸਰ ਗਲਤ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਥਾਣੇ ’ਚ ਸ਼ਿਕਾਇਤ ਦੇਣ ਆਏ ਤਾਂ ਪੁਲੀਸ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਜਿਸ ਕਾਰਨ ਉਹ ਥਾਣੇ ਬਾਹਰ ਪ੍ਰਦਰਸ਼ਨ ਲਈ ਮਜਬੂਰ ਹੋਏ। ਉਨ੍ਹਾਂ ਪੰਜਾਬੀ ਗਾਇਕ ਖਿਲਾਫ਼ ਜਿੱਥੇ ਸ਼ਿਕਾਇਤ ਦਰਜ ਕਰਵਾਈ, ਉੱਥੇ ਥਾਣੇ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਵੀ ਕੀਤਾ।
ਐੱਸਐੱਚਓ ਨੇ ਦੋਸ਼ ਨਕਾਰੇ
ਥਾਣਾ ਡਿਵੀਜ਼ਨ ਨੰਬਰ 7 ਦੇ ਐੱਸਐੱਚਓ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਧਰਨਾਕਾਰੀਆਂ ਵੱਲੋਂ ਲਾਏ ਦੋਸ਼ਾਂ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਤੋਂ ਸ਼ਿਕਾਇਤ ਲੈ ਕੇ ਕਾਰਵਾਈ ਦਾ ਭਰੋਸਾ ਦਿੱਤਾ ਸੀ ਕਿ ਜਾਂਚ ਤੋਂ ਬਾਅਦ ਗਾਇਕ ਖਿਲਾਫ਼ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ, ਪਰ ਆਪਣੀ ਰਾਜਨੀਤੀ ਚਮਕਾਉਣ ਲਈ ਕੁਝ ਲੋਕਾਂ ਨੇ ਪੁਲੀਸ ’ਤੇ ਬੁਰਾ ਵਿਵਹਾਰ ਕਰਨ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਪੁਲੀਸ ਆਪਣਾ ਕੰਮ ਕਰ ਰਹੀ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕਰ ਦਿੱਤੀ ਜਾਵੇਗੀ।