ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਮਾਰਚ
ਇਥੇ ਨਮਾਜ਼ ਉਪਰੰਤ ਆਲ ਇੰਡੀਆ ਕੌਂਸਲ ਪੰਜਾਬ ਦੇ ਪ੍ਰਧਾਨ ਕਾਰੀ ਸ਼ਕੀਲ ਅਹਿਮਦ ਦੀ ਅਗਵਾਈ ਹੇਠਾਂ ਮੁਸਲਮਾਨ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਕਰਦਿਆਂ ਵਸੀਮ ਰਿਜ਼ਵੀ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਮੁਸਲਮਾਨ ਭਾਈਚਾਰੇ ਤੇ ਕੁਰਾਨ-ਏ-ਪਾਕ ਨਾਲ ਕਿਸੇ ਪ੍ਰਕਾਰ ਦੀ ਛੇੜ ਛਾੜ ਨੂੰ ਬਰਦਾਸ਼ਤ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ। ਕਾਰੀ ਸ਼ਕੀਲ ਅਹਿਮਦ ਨੇ ਕਿਹਾ ਕਿ ਇਸ ਸਬੰਧੀ ਉਹ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇਕ ਮੰਗ ਪੱਤਰ ਐੱਸ.ਡੀ.ਐੱਮ ਰਾਹੀਂ ਭੇਜਣਗੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸ਼ਿਆ ਵਕਫ਼ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਵਸੀਮ ਰਿਜ਼ਵੀ ਨੇ ਸੁਪਰੀਮ ਕੋਰਟ ’ਚ ਮੰਗ ਦਾਖ਼ਲ ਕੀਤੀ ਕਿ ਕੁਰਾਨ-ਏ-ਪਾਕ ’ਚ 26 ਆਇਤਾਂ ਅਜਿਹੀਆਂ ਹਨ ਜੋ ਧਾਰਮਿਕ ਲੜਾਈ ਨੂੰ ਹੱਲਾ ਸ਼ੇਰੀ ਦਿੰਦੀਆਂ ਹਨ, ਇਸ ਲਈ ਇਨ੍ਹਾਂ ਨੂੰ ਇਸ ਵਿਚੋਂ ਬਾਹਰ ਕੱਢਿਆ ਜਾਵੇ, ਜੋ ਨਿੰਦਣਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਰਿਜ਼ਵੀ ਨੇ ਪਹਿਲਾਂ ਵੀ ਮਦਰੱਸੇ, ਬਾਬਰੀ ਮਸਜਿਦ ਤੇ ਤਿੰਨ ਤਲਾਕ ਦੇ ਮੁੱਦੇ ’ਤੇ ਵਿਵਾਦਿਤ ਬਿਆਨ ਦਿੱਤੇ ਹਨ, ਉਸ ਦੀ ਮੰਗ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਇਸਮਾਇਲ ਖਾਨ, ਹਾਜੀ ਨਸੀਰ, ਸਿਰਾਜ ਮੁਹੰਮਦ ਹਾਜ਼ਰ ਸਨ।