ਗੁਰਿੰਦਰ ਸਿੰਘ
ਲੁਧਿਆਣਾ, 10 ਸਤੰਬਰ
ਸੀਟੀਯੂ ਪੰਜਾਬ ਦੀ ਅਗਵਾਈ ਹੇਠ ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਦੇ ਕਿਰਤੀ ਕਾਮਿਆਂ ਵੱਲੋਂ ਲੇਬਰ ਦਫ਼ਤਰ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਰੈਲੀ ਕੀਤੀ ਗਈ ਜਿਸ ਵਿੱਚ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਕਾ. ਜਗਦੀਸ਼ ਚੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਮਹਿਗਾਈ ਭੱਤਾ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮਜ਼ਦੂਰਾਂ-ਮੁਲਜ਼ਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਮਈ 2020 ਨੂੰ ਮਹਿੰਗਾਈ ਭੱਤਾ 401 ਰੁਪਏ ਵਧਾ ਕੇ 9 ਮਈ 2020 ਨੂੰ ਵਾਪਸ ਲੈ ਲਿਆ ਗਿਆ ਸੀ ਜਦਕਿ ਮਹਿੰਗਾਈ ਛੜੱਪੇ ਮਾਰ ਕੇ ਹਰ ਰੋਜ਼ ਵੱਧ ਰਹੀ ਹੈ। ਕਾ. ਜਗਦੀਸ਼ ਨੇ ਕਿਹਾ ਕਿ ਪਿਛਲੇ 10 ਸਾਲ ਤੋਂ ਘੱਟੋ ਘੱਟ ਉਜਰਤ ਵੀ ਰਿਵਾਇਜ਼ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਪੱਧਰ ਦੀਆਂ ਮੁੱਖ ਟਰੇਡ ਯੂਨੀਅਨਾਂ ਇਸ ਖ਼ਿਲਾਫ਼ ਵੱਡੇ ਪੱਧਰ ’ਤੇ ਸ਼ੁਰੂ ਕੀਤੇ ਗਏ ਘੋਲ ਨੂੰ ਹੋਰ ਤਿੱਖਾ ਕਰਨਗੀਆਂ। ਇਸ ਲਈ 12 ਸਤੰਬਰ ਨੂੰ ਸੀਟੀਯੂ ਪੰਜਾਬ ਦੇ ਪ੍ਰਧਾਨ ਵਿਜੇ ਮਿਸ਼ਰਾ ਤੇ ਜਨਰਲ ਸਕੱਤਰ ਨੱਥਾ ਸਿੰਘ ਢੱਡਵਾਲ ਮਜ਼ਦੂਰ ਜਮਾਤ ਨੂੰ ਹੋਕਾ ਦੇਣ ਆ ਰਹੇ ਹਨ ਤਾਂ ਜੋ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਪੰਜਾਬ ਸਰਕਾਰ ਦੇ ਨੱਕ ’ਚ ਦਮ ਕੀਤਾ ਜਾਵੇ ਅਤੇ ਸੰਘਰਸ਼ ਵਿੱਢ ਕੇ ਕਿਰਤੀ ਕਾਮਿਆਂ ਨੂੰ ਬਣਦਾ ਹੱਕ ਦਿਵਾਇਆ ਜਾ ਸਕੇ। ਇਸ ਸਮੇਂ ਐਡਵੋਕੇਟ ਯੋਗੇਸ਼ ਪ੍ਰਸਾਦ, ਅਜੀਤ ਕੁਮਾਰ, ਤਹਿਸੀਲਦਾਰ ਸਿੰਘ, ਬਲਰਾਮ ਸਿੰਘ, ਸੁਦੇਸ਼ਵਰ ਤਿਵਾੜੀ, ਸ਼ਿਵ ਕੁਮਾਰ ਨੇ ਵੀ ਸੰਬੋਧਨ ਕੀਤਾ।