ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਜੁਲਾਈ
ਬਲਾਕ ਖੰਨਾ ਅਧੀਨ ਪੈਂਦੇ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਸਰਪੰਚ ਹਰਪਾਲ ਸਿੰਘ ਚਾਹਲ ਤੇ ਪੰਚ ਭਜਨ ਸਿੰਘ ਨੂੰ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਮੁਅੱਤਲ ਕਰਨ ਮਗਰੋਂ ਅਧਿਕਾਰਤ ਪੰਚ ਦੀ ਚੋਣ ਰੱਦ ਕੀਤੇ ਜਾਣ ’ਤੇ ਕਾਂਗਰਸ ਪਾਰਟੀ ਦੇ ਪੰਚਾਂ ਵੱਲੋਂ ਬੀਡੀਪੀਓ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਬਲਾਕ ਸਮਿਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਗੁਰਬਿੰਦਰ ਸਿੰਘ ਈਸੜੂ ਵੱਲੋਂ ਇਸ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ ਗਿਆ। ਦੱਸਣਯੋਗ ਹੈ ਕਿ ਸਰਪੰਚ ਹਰਪਾਲ ਸਿੰਘ ਕਾਂਗਰਸ ਨਾਲ ਸਬੰਧਤ ਸੀ, ਜਿਸ ’ਤੇ ਵੋਟਾਂ ਖ਼ਰੀਦਣ ਦੇ ਲਾਲਚ ਦੇਣ ਵਜੋਂ ਗ੍ਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਪੰਚਾਇਤ ਸਮਿਤੀ ’ਚ ਪਾਸ ਕਰਵਾਏ ਬਿਨਾਂ ਤੇ ਪੰਚਾਇਤ ਸਕੱਤਰ ਦੀ ਗੈਰ ਹਾਜ਼ਰੀ ’ਚ ਸਾਰੇ ਪੰਚਾਇਤੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੂੜਾ ਸੁੱਟਣ ਵਾਲੇ ਡੰਪ ਵੰਡ ਦਿੱਤੇ ਜਾਣ ਦੇ ਦੋਸ਼ ਲਾਏ ਗਏ ਸਨ। ਸ਼ਿਕਾਇਤ ਉਪਰੰਤ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸਰਪੰਚ ਤੇ ਪੰਚ ਨੂੰ ਮੁਅੱਤਲ ਕਰ ਦਿੱਤਾ ਸੀ। ਡਾਇਰੈਕਟਰ ਵੱਲੋਂ ਚੁਣੇ ਹੋਏ ਪੰਚਾਂ ’ਚੋਂ ਕਿਸੇ ਇਕ ਪੰਚ ਨੂੰ ਅਧਿਕਾਰ ਦੇਣ ਦੇ ਆਦੇਸ਼ ਵੀ ਦਿੱਤੇ ਜਿਸ ਤਹਿਤ ਬੀਡੀਪੀਓ ਵੱਲੋਂ 6 ਜੁਲਾਈ ਨੂੰ ਅਧਿਕਾਰਤ ਪੰਚ ਦੀ ਚੋਣ ਲਈ ਮੀਟਿੰਗ ਰੱਖੀ ਗਈ ਸੀ। ਮੀਟਿੰਗ ਦੇ ਏਜੰਡੇ ਤਹਿਤ ਅੱਜ ਚੋਣ ਕਰਵਾਈ ਜਾਣੀ ਸੀ ਪਰ ਬੀਡੀਪੀਓ ਵੱਲੋਂ ਚੋਣ ਮੁਲਤਵੀ ਕਰ ਦਿੱਤੀ ਗਈ ਜਿਸ ਖਿਲਾਫ਼ ਕਾਂਗਰਸੀ ਪੰਚਾਂ ਤੇ ਆਗੂਆਂ ਰੋਸ ਪ੍ਰਗਟ ਕੀਤਾ ਗਿਆ।
ਇਸ ਦੌਰਾਨ ਬਲਾਕ ਸਮਿਤੀ ਦੇ ਚੇਅਰਮੈਨ ਸਤਨਾਮ ਸਿੰਘ ਨੇ ਕਿਹਾ ਕਿ ਡਾਇਰੈਕਟਰ ਦੇ ਆਦੇਸ਼ਾਂ ’ਤੇ ਅੱਜ ਚੋਣ ਕਰਵਾਈ ਜਾਣੀ ਸੀ। ਸਾਰੇ ਪੰਚ ਵੀ ਹਾਜ਼ਰ ਸਨ, ਬਹੁਮਤ ਹੁਣ ਵੀ ਕਾਂਗਰਸ ਕੋਲ ਹੋਣ ਕਾਰਨ ਕਾਂਗਰਸ ਦਾ ਅਧਿਕਾਰਤ ਪੰਚ ਚੁਣੇ ਜਾਣ ਦੇ ਡਰ ਕਾਰਨ ਸਰਕਾਰ ਨੇ ਚੋਣ ਰੱਦ ਕਰ ਦਿੱਤੀ। ਇਸ ਸਬੰਧੀ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ, ਜਿਹੜੇ ਡੰਪ ਵੰਡਣ ਦੇ ਦੋਸ਼ ਤਹਿਤ ਸਰਪੰਚ ਤੇ ਪੰਚ ਨੂੰ ਮੁਅੱਤਲ ਕੀਤਾ ਗਿਆ ਹੈ ਉਸ ’ਤੇ ਕੁਝ ਹੋਰ ਵੀ ਪੰਚਾਂ ਦੇ ਦਸਤਖ਼ਤ ਵੀ ਹਨ। ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ ਤੇ ਉਸ ਉਪਰੰਤ ਹੀ ਚੋਣ ਕਰਵਾਈ ਜਾਵੇਗੀ।