ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਅਗਸਤ
ਸਮਾਲ ਸਕੇਲ ਮੈਨੂਫੈਕਚਰਿੰਗ ਐਸੋਸੀਏਸ਼ਨ ਵੱਲੋਂ ਸਨਅਤਕਾਰਾਂ ਦੇ ਰੁਕੇ ਕੁਨੈਕਸ਼ਨ ਜਾਰੀ ਕਰਾਉਣ ਦੀ ਮੰਗ ਨੂੰ ਲੈ ਕੇ ਅੱਜ ਚੀਫ਼ ਇੰਜਨੀਅਰ ਦੇ ਦਫ਼ਤਰ ਬਾਹਰ ਦਿੱਤਾ ਜਾਣ ਵਾਲਾ ਧਰਨਾ ਚੀਫ਼ ਇੰਜਨੀਅਰ ਵੱਲੋਂ ਕੁਨੈਕਸ਼ਨ ਜਾਰੀ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਦਿੱਤੇ ਜਾਣ ਵਾਲੇ ਧਰਨੇ ਤੋਂ ਕੁਝ ਘੰਟੇ ਪਹਿਲਾਂ ਹੀ ਪਾਵਰਕੌਮ ਨੇ ਹਰਕਤ ਵਿੱਚ ਆਉਂਦਿਆਂ ਰੁਕੇ ਹੋਏ ਕੁਨੈਕਸ਼ਨਾਂ ਦੇ ਟ੍ਰਾਂਸਫਾਰਮਰ ਜਾਰੀ ਕਰ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਦੱਸਿਆ ਕਿ ਅੱਜ ਧਰਨੇ ਤੋਂ ਠੀਕ ਦੋ ਘੰਟੇ ਪਹਿਲਾਂ ਚੀਫ਼ ਇੰਜਨੀਅਰ ਜਗਦੇਵ ਸਿੰਘ ਹਾਂਸ ਨੇ ਟੈਲੀਫੋਨ ’ਤੇ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਆਪਣੇ ਦਫ਼ਤਰ ਬੁਲਾ ਕੇ ਧਰਨਾ ਰੱਦ ਕਰਨ ਦੀ ਅਪੀਲ ਵੀ ਕੀਤੀ। ਚੀਫ਼ ਇੰਜਨੀਅਰ ਨੇ ਕਿਹਾ ਕਿ ਸਾਰੇ ਕੁਨੈਕਸ਼ਨਾਂ ਲਈ ਟ੍ਰਾਂਸਫਾਰਮਰ ਅਸਟੇਟ ਡਿਵੀਜ਼ਨ ਵਿਚ ਪਹੁੰਚ ਚੁੱਕੇ ਹਨ ਅਤੇ ਦੋ-ਤਿੰਨ ਦਿਨਾਂ ਅੰਦਰ-ਅੰਦਰ ਸਾਰੇ ਕੁਨੈਕਸ਼ਨ ਜਾਰੀ ਹੋ ਜਾਣਗੇ।
ਸ੍ਰੀ ਠੁਕਰਾਲ ਨੇ ਦੱਸਿਆ ਕਿ ਚੀਫ਼ ਇੰਜਨੀਅਰ ਦੇ ਭਰੋਸੇ ਤੋਂ ਬਾਅਦ ਦਿੱਤਾ ਜਾਣ ਵਾਲਾ ਧਰਨਾ 10 ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸਾਰੇ ਕੁਨੈਕਸ਼ਨ ਨਾ ਲੱਗੇ ਤਾਂ ਧਰਨਾ ਲਗਾਇਆ ਜਾਵੇਗਾ। ਇਸ ਸਮੇਂ ਇੰਦਰਜੀਤ ਸਿੰਘ, ਪਵਨ ਕੁਮਾਰ ਢੰਡ, ਸੁਮੇਸ਼ ਕੋਛੜ, ਅਸ਼ੋਕ ਪੱਬੀ, ਸੁਰਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਲਾਲੀ ਆਦਿ ਵੀ ਹਾਜ਼ਰ ਸਨ।