ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਜੁਲਾਈ
ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਟਰੇਨਿੰਗ ਮਡਿਊਲ ਜਾਰੀ ਕਰਨ ਮੌਕੇ ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਵਰਚੁਅਲ ਸਮਾਗਮ ਕਰਵਾਇਆ ਗਿਆ। ਇਸ ਦਾ ਯੂਟਿਊਬ ਤੋਂ ਸਿੱਧਾ ਪ੍ਰਸਾਰਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੇ ‘ਡਿਸਲਾਈਕ’ ਵਾਲੇ ਬਟਨ ਦਬਾਉਣੇ ਸ਼ੁਰੂ ਕਰ ਦਿੱਤੇ। ਇੱਕ ਸਮੇਂ ਤਾਂ ਲਾਈਕਸ ਦੇ ਮੁਕਾਬਲੇ ਡਿਸਲਾਈਕਸ ਦੀ ਗਿਣਤੀ ਕਈ ਹਜ਼ਾਰ ਹੋ ਗਈ ਸੀ। ਇਸ ਲਾਈਵ ਪ੍ਰੋਗਰਾਮ ਦੌਰਾਨ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੀ ਪੈਰਵੀ ਕਰਦੇ ਹੋਏ ਕੁਮੈਂਟਸ ਵੀ ਕੀਤੇ। ਇਸ ਸਬੰਧੀ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਦੀਪ ਮਲੂਕਾ, ਪ੍ਰਭਜੋਤ ਸਿੰਘ ਬੱਲ, ਹਰਵੀਰ ਸਿੰਘ, ਗੁਰਦੀਪ ਸਿੰਘ ਬੈਂਸ ਆਦਿ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਿਨਾਂ ਸ਼ਰਤ ਪੂਰੇ ਲਾਭ ਦੇ ਨਾਲ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਜਾਵੇ, ਜਿਨ੍ਹਾਂ ਕੰਪਿਊਟਰ ਅਧਿਆਪਕਾਂ ਦੀ ਪਿਛਲੇ ਸਮੇਂ ਦੇ ਦੌਰਾਨ ਕਿਸੇ ਕਾਰਨ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਆਸ਼ਰਿਤਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਨਾਲ ਵਿੱਤੀ ਮਦਦ ਵੀ ਦਿੱਤੀ ਜਾਵੇ। ਆਗੂਆਂ ਨੇ ਦੱਸਿਆ ਕਿ ਮੰਗਾਂ ਨਾ ਮੰਨੀਆਂ ਤਾਂ ਉਹ ਚੰਡੀਗੜ੍ਹ ਵਿੱਚ ਗੁਪਤ ਐਕਸ਼ਨ ਕਰਦੇ ਹੋਏ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ।