ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਅਕਤੂਬਰ
ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਸੁਖਵੰਤ ਸਿੰਘ ਟਿੱਲੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਰਹੂਮ ਕਰਮ ਸਿੰਘ ਗਿੱਲ ਦੀ ਸਪੁੱਤਰੀ ਰਾਣੀ ਰਮਣੀਕ ਕੌਰ ਗਰੇਵਾਲ ਨੇ ਇਥੋਂ ਦੇ ਲਲਹੇੜੀ ਰੋਡ ਲਾਈਨੋੋਂ ਪਾਰ ਇਲਾਕੇ ਵਿਚ ਰੱਖੇ ਨੀਂਹ ਪੱਥਰਾਂ ਦੀ ਸਫ਼ਾਈ ਕਰਦਿਆਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਪ੍ਰਸ਼ਾਸਨ ’ਤੇੇ ਵਿਅੰਗ ਕੱਸਦਿਆਂ ਕਿਹਾ ਕਿ ਸ਼ਾਇਦ ਇਹ ਪੁੱਟੀਆਂ ਸੜਕਾਂ ਦੀ ਧੂੜ ’ਚ ਦੱਬ ਗਏ ਹਨ, ਇਸ ਕਰਕੇ ਕੰਮ ਨਹੀਂ ਕੀਤਾ ਜਾ ਰਿਹਾ। ਦੋਵੇਂ ਆਗੂਆਂ ਨੇ ਇਸ ਇਲਾਕੇ ਦੀ ਤਰਸਯੋਗ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਥੋਂ ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਪਰ ਪ੍ਰਸ਼ਾਸਨ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ। ਗਲੀਆਂ, ਨਾਲੀਆਂ ਤੇ ਸੜਕਾਂ ਦੀ ਹਾਲਤ ਬਦ ਤੋਂ ਬੱਦਤਰ ਹੋ ਗਈ ਹੈ। ਸਬਜ਼ੀਆਂ, ਫਲਾਂ ਤੇ ਹੋਰ ਖਾਣ ਪੀਣ ਦੇ ਸਾਮਾਨ ਵਾਲੀਆਂ ਦੁਕਾਨਾਂ ਹਰ ਸਮੇਂ ਮਿੱਟੀ ਨਾ ਭਰੀਆ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਨੀਂਹ ਪੱਥਰਾਂ ਨੂੰ ਸਾਫ਼ ਕਰਕੇ ਕੋਟਲੀ ਨੂੰ ਇਸ ਇਲਾਕੇ ਦੀ ਯਾਦ ਦਿਵਾਈ ਜਾ ਰਹੀ ਹੈ।