ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜੂਨ
ਲੁਧਿਆਣਾ ’ਚ 125 ਗਜ ਤੱਕ ਦੇ ਮਕਾਨਾਂ ਲਈ ਪਾਣੀ-ਸੀਵਰੇਜ ਦੇ ਬਿੱਲਾਂ ਦੀ ਮੁਆਫ਼ੀ ਨੂੰ ਖਤਮ ਕਰ ਦਿੱਤਾ ਹੈ, ਜਿਸਦੇ ਖ਼ਿਲਾਫ਼ ਜ਼ਿਲ੍ਹਾ ਭਾਜਪਾ ਨੇ ਮੋਰਚਾ ਖੋਲ੍ਹਿਆ ਹੈ। ਸ਼ੁੱਕਰਵਾਰ ਨੂੰ ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਦੀ ਅਗਵਾਈ ’ਚ ਇੱਕ ਵਫ਼ਦ ਮੇਅਰ ਬਲਕਾਰ ਸੰਧੂ ਨੂੰ ਮਿਲਿਆ। ਇਸ ਦੌਰਾਨ ਮੰਗ ਪੱਤਰ ਰਾਹੀਂ ਭਾਜਪਾ ਨੇ ਬਾਕੀ ਸੀਵਰੇਜ ਪਾਣੀ ਦੀਆਂ ਪੁਰਾਣੀਆਂ ਸਲੈਬਾਂ ਦੇ ਭਾਅ ਵਧਾਉਣ ਤੇ ਇਨ੍ਹਾਂ ਬਿੱਲਾਂ ਦੀ ਵਸੂਲੀ ਦੇ ਨਿੱਜੀਕਰਨ ਖ਼ਿਲਾਫ਼ ਰੋਸ ਜ਼ਾਹਰ ਕੀਤਾ ਤੇ ਉਨ੍ਹਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਂਗ ਕੀਤੀ। ਉਨ੍ਹਾਂ ਸਾਫ਼ ਕਿਹਾ ਕਿ ਜੇਕਰ ਇਹ ਹੁਕਮ ਵਾਪਸ ਨਹੀਂ ਹੁੰਦੇ ਤਾਂ ਸੋਮਵਾਰ ਤੋਂ ਭਾਜਪਾ ਆਗੂ ਕਾਂਗਰਸ ਦੇ 62 ਕੌਂਸਲਰਾਂ ਦੇ ਘਰਾਂ ਬਾਹਰ ਧਰਨਾ ਦੇਵੇਗੀ। ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਪਹਿਲਾਂ 125 ਗਜ ਤੱਕ ਦੇ ਘਰਾਂ ’ਤੇ ਸੀਵਰੇਜ ਪਾਣੀ ਦੇ ਬਿੱਲ ਮੁਆਫ਼ ਸਨ ਪਰ ਕਾਂਗਰਸ ਦੇ ਸੱਤਾ ’ਚ ਆਉਣ ਤੋਂ ਬਾਅਦ ਇਸ ਮੁਆਫ਼ੀ ਨੂੰ ਖਤਮ ਕਰ ਦਿੱਤਾ। ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਫੈ਼ਸਲਿਆਂ ਨੂੰ ਤੁਰੰਤ ਵਾਪਸ ਲਵੇ।
ਇਸ ਮੌਕੇ ਸੁਨੀਤਾ ਸ਼ਰਮਾ, ਲੋਕਲ ਬਾਡੀ ਸੈਲ ਦੇ ਪ੍ਰਧਾਨ ਇੰਦਰ ਅਗਰਵਾਲ, ਕੌਂਸਲਰ ਯਸ਼ਪਾਲ ਚੌਧਰੀ, ਲਾਲ ਸੁਰਿੰਦਰ ਅਟਵਾਲ, ਓਮ ਪ੍ਰਕਾਸ਼ ਰੱਤੜਾ, ਏ.ਨੀ. ਸਿੱਕਾ, ਜ਼ਿਲ੍ਹਾ ਜਨਰਲ ਸਕੱਤਰ ਰਾਮ ਗੁਪਤਾ ਆਦਿ ਮੌਜੂਦ ਸਨ।