ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 10 ਜੂਨ
ਮਾਲੇਰਕੋਟਲਾ ਤੇ ਲੁਧਿਆਣਾ ਜ਼ਿਲ੍ਹਿਆਂ ਅਧੀਨ ਪੈਂਦੇ ਵੱਖ-ਵੱਖ ਇਲਾਕਿਆਂ ਵਿਚ ਅੱਜ ਕਈ ਮੁਸਲਿਮ ਸੰਗਠਨਾਂ ਨੇ ਜੁਮੇ ਦੀ ਨਮਾਜ਼ ਤੋਂ ਬਾਅਦ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਖਿਲਾਫ਼ ਕੀਤੀਆਂ ਟਿੱਪਣੀਆਂ ਦੇ ਮਾਮਲੇ ਵਿਚ ਰੋਸ ਪ੍ਰਦਰਸ਼ਨ ਕੀਤੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਜਪਾ ਦੇ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਤਰਜਮਾਨਾਂ ਨੇ ਇਹ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਇਸਲਾਮਿਕ ਸੰਗਠਨਾਂ ਨੇ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਵਿਰੁੱਧ ਠੋਸ ਕਾਰਵਾਈ ਲਈ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਯਾਦ ਪੱਤਰ ਵੀ ਸੌਂਪੇ। ਜਾਮਾ ਮਸਜਿਦ ਲੁਧਿਆਣਾ ਵੱਲੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਦੇ ਨਾਂ ’ਤੇ ਪਹਿਲਾਂ ਮਿਲੇ ਸੱਦੇ ਦੇ ਮੱਦੇਨਜ਼ਰ ਅੱਜ ਸ਼ਹਿਰ ਅਹਿਮਦਗੜ੍ਹ ਅਤੇ ਲਾਗਲੀਆਂ ਦੋ ਦਰਜਨ ਦੇ ਕਰੀਬ ਮੁਸਲਿਮ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਦਹਿਲੀਜ਼ ਚੂੰਗੀ ਚੌਂਕ ਵਿਖੇ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਐੱਸਡੀਐਮ ਹਰਬੰਸ ਸਿੰਘ ਅਤੇ ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੂੰ ਯਾਦ ਪੱਤਰ ਦਿੱਤਾ ਗਿਆ। ਪ੍ਰਦਰਸ਼ਨਕਾਰੀ ਟਿੱਪਣੀਆਂ ਕਰਨ ਵਾਲਿਆਂ ਵਿਰੁੱਧ ਅਹਿਮਦਗੜ੍ਹ ਵਿਚ ਕੇਸ ਦਰਜ ਕਰਨ ਦੀ ਮੰਗ ’ਤੇ ਅੜੇ ਰਹੇ। ਇਸੇ ਤਰ੍ਹਾਂ ਮੁਸਲਿਮ ਵੈੱਲਫੇਅਰ ਸੁਸਾਇਟੀ ਰਾਏਕੋਟ ਦੇ ਕਾਰਕੁਨਾਂ ਨੇ ਖਜੂਰ ਵਾਲੀ ਗਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਬਾਅਦ ਵਿੱਚ ਐੱਸਡੀਐਮ ਗੁਰਵੀਰ ਸਿੰਘ ਕੋਹਲੀ ਨੂੰ ਆਪਣਾ ਯਾਦ ਪੱਤਰ ਦਿੱਤਾ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੇਂਦਰ ਵਿੱਚ ਕਾਬਜ਼ ਭਾਜਪਾ ਦੇ ਸੀਨੀਅਰ ਅਹੁਦੇਦਾਰ ਹੁਣ ਤੱਕ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਨੂੰ ਬਚਾਉਣ ਵਿੱਚ ਲੱਗੇ ਰਹੇ ਹਨ ਅਤੇ ਸਿਰਫ਼ ਖਾਨਾਪੂਰਤੀ ਕਰਨ ਲਈ ਉਨ੍ਹਾਂ ਨੂੰ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦਿੱਲੀ ਪੁਲੀਸ ਵੱਲੋਂ ਦਰਜ ਪਰਚੇ ਨੂੰ ਵੀ ਉਨ੍ਹਾਂ ਸਿਰਫ਼ ਦਿਖਾਵਾ ਕਰਾਰ ਦਿੱਤਾ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਇੱਥੇ ਵੀ ਅੱਜ ਆਲ ਇੰਡੀਆ ਮਿੱਲੀ ਕੌਂਸਲ ਪੰਜਾਬ ਪ੍ਰਧਾਨ ਅਤੇ ਮੁਸਲਿਮ ਵਿਕਾਸ ਕਮੇਟੀ ਦੇ ਆਗੂ ਕਾਰੀ ਸ਼ਕੀਲ ਅਹਿਮਦ ਅਤੇ ਮੁਸਲਿਮ ਮਹਾਸਭਾ ਪੰਜਾਬ ਦੇ ਪ੍ਰਧਾਨ ਸਿਤਾਰ ਮੁਹੰਮਦ ਲਬਿੜਾ ਦੀ ਅਗਵਾਈ ਵਿਚ ਰੋਸ ਪ੍ਰਗਟਾਇਆ ਗਿਆ। ਖੰਨਾ ਦੀ ਮਸਜਿਦ ਵਿਖੇ ਇੱਕਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਭਾਜਪਾ ਬੁਲਾਰਿਆਂ ਖਿਲਾਫ਼ ਸੰਵਿਧਾਨ ਦੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਭਾਈਚਾਰੇ ਵੱਲੋਂ ਐਸ.ਡੀ.ਐਮ ਮਨਜੀਤ ਕੌਰ ਅਤੇ ਨਾਇਬ ਤਹਿਸੀਲਦਾਰ ਵਿਸ਼ਵਜੀਤ ਸਿਘ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ।
ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਪੈਗੰਬਰ ਮੁਹੰਮਦ ਤੇ ਕੀਤੀ ਇਤਰਾਜ਼ ਯੋਗ ਟਿੱਪਣੀ ਤੇ ਮੁਸਲਿਮ ਭਾਈਚਾਰੇ ਨੇ ਸਖਤ ਰੋਸ ਜਤਾਇਆ ਹੈ। ਇਸ ਬਿਆਨ ’ਤੇ ਭਾਰਤ ਸਰਕਾਰ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਗਈ। ਇਸ ਮੌਕੇ ਸਾਬਰ ਅਲੀ ਗਿੱਲ, ਫਿਰੋਜ ਆਲਮ, ਅਬੁਲ ਲਤੀਫ, ਇਫਤਿਕਾਰ ਖਾਨ, ਮੁਹੰਮਦ ਹਸਨ, ਹਾਫ਼ਿਜ, ਹਾਜ਼ੀ ਮੁਹੰਮਦ ਰਜਾਕ, ਆਦਿ ਹਾਜ਼ਰ ਸਨ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਰਾਏਕੋਟ ਦੀ ਜਾਮਾ ਮਸਜਿਦ ਵਿਚ ਜੁਮੇ ਦੀ ਨਮਾਜ਼ ਤੋਂ ਬਾਅਦ ਇੰਤਜ਼ਾਮੀਆ ਕਮੇਟੀ ਦੇ ਸੱਦੇ ’ਤੇ ਮੁਸਲਿਮ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿਵਲ ਪ੍ਰਸ਼ਾਸਨ ਵੱਲੋਂ ਰੋਸ ਪ੍ਰਦਰਸ਼ਨ ਦੀ ਆਗਿਆ ਨਾ ਦਿੱਤੇ ਜਾਣ ਕਾਰਨ ਅਮਨ-ਸ਼ਾਂਤੀ ਬਣਾ ਕੇ ਰੱਖਣ ਲਈ ਮਸਜਿਦ ਦੇ ਬਾਹਰ ਸ਼ਹਿਰੀ ਥਾਣਾ ਰਾਏਕੋਟ ਦੇ ਮੁਖੀ ਹੀਰਾ ਸਿੰਘ ਸੰਧੂ ਦੀ ਅਗਵਾਈ ਵਿਚ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਰਹੇ। ਪ੍ਰਦਰਸ਼ਨਕਾਰੀਆਂ ਨੇ ਮਸਜਿਦ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੀ ਫ਼ੌਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਅਤੇ ਰਾਜਵਿੰਦਰ ਸਿੰਘ ਰੰਧਾਵਾ ਉਪ ਪੁਲrਸ ਕਪਤਾਨ ਰਾਏਕੋਟ ਮੰਗ ਪੱਤਰ ਹਾਸਲ ਕਰਨ ਲਈ ਮੌਕੇ |ਤੇ ਮੌਜੂਦ ਸਨ। ਨਮਾਜ਼ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਜਾਮਾ ਮਸਜਿਦ ਦੇ ਇਮਾਮ ਮੁਹੰਮਦ ਮੁਰਸਲੀਨ, ਇੰਤਜ਼ਾਮੀਆ ਕਮੇਟੀ ਦੇ ਪ੍ਰਧਾਨ ਇਸਹਾਲ ਅਲੀ ਅਤੇ ਸਕੱਤਰ ਮੁਹੰਮਦ ਅਸ਼ਰਫ਼ ਨੇ ਕਿਹਾ ਕਿ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਨੇ ਤਮਾਮ ਦੁਨੀਆ ਨੂੰ ਮੁਹੱਬਤ ਦਾ ਸੰਦੇਸ਼ ਦਿੱਤਾ ਹੈ, ਉਨ੍ਹਾਂ ਸਭ ਲੋਕਾਂ ਨੂੰ ਭਾਈਚਾਰਾ ਕਾਇਮ ਰੱਖਣ ਅਤੇ ਮੁਹੱਬਤ ਦਾ ਸੰਦੇਸ਼ ਫੈਲਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇਸ਼ ਵਿਚ ਫੁੱਟ ਪਾ ਕੇ ਆਪਣੀ ਗੱਦੀ ਸਲਾਮਤ ਰੱਖਣਾ ਚਾਹੁੰਦੀ ਹੈ। ਇਸ ਮੌਕੇ ਸੀਟੂ ਦੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ ਅਤੇ ਕਰਮਜੀਤ ਸਨੀ ਨੇ ਕਿਹਾ ਕਿ ਦੇਸ਼ ਵਿਚ ਕੇਵਲ ਮੁਸਲਿਮ ਭਾਈਚਾਰਾ ਹੀ ਨਹੀਂ ਹੋਰ ਘੱਟ-ਗਿਣਤੀ ਭਾਈਚਾਰੇ ਵੀ ਨਿਸ਼ਾਨੇ ’ਤੇ ਹਨ। ਇਸ ਮੌਕੇ ਇੰਤਜ਼ਾਮੀਆ ਕਮੇਟੀ ਦੇ ਮੀਤ ਪ੍ਰਧਾਨ ਮੁਹੰਮਦ ਆਰਿਫ਼ ਸੋਨੂੰ, ਬਾਬਰ ਖ਼ਾਨ, ਸਾਹਿਲ ਖ਼ਾਨ, ਤੌਹੀਦ ਖ਼ਾਨ ਅਤੇ ਅਰਸ਼ਦ ਖ਼ਾਨ ਸਮੇਤ ਹੋਰ ਆਗੂ ਮੌਜੂਦ ਸਨ।
ਲੁਧਿਆਣਾ (ਗੁਰਿੰਦਰ ਸਿੰਘ): ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਐਮਰਜੈਂਸੀ ਮੀਟਿੰਗ ਅੱਜ ਇੱਥੇ ਸਾਥੀ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਜ਼ਰਤ ਮੁਹੰਮਦ ਸਾਹਿਬ ਤੇ ਉਨ੍ਹਾਂ ਦੀ ਪਤਨੀ ਆਇਸ਼ਾ ਖ਼ਿਲਾਫ਼ ਭਾਜਪਾ ਦੇ ਵੱਡੇ ਆਗੂਆਂ- ਨੂੂਪੁਰ ਸ਼ਰਮਾ ਤੇ ਨਵੀਨ ਕੁਮਾਰ ਜਿੰਦਲ ਵੱਲੋਂ ਕੀਤੀਆਂ ਫਿਰਕੂ, ਫੁੱਟ ਪਾਉੂ ਤੇ ਭੜਕਾਊ ਟਿੱਪਣੀਆਂ ਰੂਪੀ ਗ਼ੈਰ ਵਾਜਬ, ਗ਼ੈਰ ਜਮਹੂਰੀ ਤੇ ਫਾਸੀ ਕਿਰਦਾਰ ਵਾਲੇ ਨਫ਼ਰਤੀ ਹਮਲਿਆਂ ਦੀ ਸਖ਼ਤ ਤੋਂ ਸਖ਼ਤ ਨਿਖੇਧੀ ਕੀਤੀ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਨਾਮਵਰ ਆਗੂਆਂ- ਉਜਾਗਰ ਸਿੰਘ ਬੱਦੋਵਾਲ, ਜਸਦੇਵ ਸਿੰਘ ਲਲਤੋਂ , ਸੁਖਦੇਵ ਸਿੰਘ ਕਿਲਾ ਰਾਏਪੁਰ, ਮਲਕੀਤ ਸਿੰਘ, ਹਰਦੇਵ ਸਿੰਘ ਸੁਨੇਤ, ਪ੍ਰੇਮ ਸਿੰਘ ਸਹਿਜਾਦ, ਜੋਗਿੰਦਰ ਸਿੰਘ ਸਹਿਜਾਦ, ਗੁਰਚਰਨਜੀਤ ਐਡਵੋਕੇਟ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਦੋਵਾਂ ਆਗੂਆਂ ਨੂੰ ਪਾਰਟੀ ‘ਚੋਂ ਮੁਅੱਤਲ ਕਰਕੇ ਸੰਵਿਧਾਨਕ ਤੇ ਕਾਨੂੰਨੀ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਭਾਂਜਵਾਦੀ ਰਸਤਾ ਅਖ਼ਤਿਆਰ ਕੀਤਾ ਹੈ, ਜਿਸਦੀ ਭਾਰਤ ਦੇ ਦੇਸ਼ ਪ੍ਰੇਮੀ ਲੋਕ ਕਦਾਚਿਤ ਵੀ ਆਗਿਆ ਨਹੀਂ ਦੇਣਗੇ। ਆਗੂਆਂ ਨੇ ਸਰਬਸੰਮਤੀ ਨਾਲ ਪੰਜਾਬ ਸਮੇਤ ਦੇਸ਼ ਭਰ ਦੇ ਮੁਸਲਮਾਨ ਵਰਗ ਵੱਲੋਂ ਜੁਮੇ ਦੋਵੇਂ ਸੰਗੀਨ ਦੋਸ਼ੀਆਂ ਦੀ 295 ਅਤੇ ਹੋਰ ਢੁੱਕਵੀਆਂ ਕਾਨੂੰਨੀ ਧਾਰਾਵਾਂ ਅਧੀਨ ਬਿਨਾਂ ਕਿਸੇ ਦੇਰੀ ਤੋਂ ਫ਼ੌਰੀ ਗ੍ਰਿਫ਼ਤਾਰੀ ਲਈ ਜਨਤਕ ਰੋਸ ਰੈਲੀਆਂ, ਮਾਰਚਾਂ ਰੂਪੀ ਧਾਰਮਿਕ ਆਜ਼ਾਦੀ ਨੂੰ ਬਚਾਉਣ ਦੇ ਹੱਕੀ ਘੋਲ ਦੀ ਡਟਵੀ ਭਰਾਤਰੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ।