ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਨਵੰਬਰ
ਸਨਅਤੀ ਸ਼ਹਿਰ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੜਕਾਂ ’ਤੇ ਬੈਠੇ ਸਨਅਤਕਾਰ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਅੱਜ ਪ੍ਰਦਰਸ਼ਨ ਦੇ ਅੱਠਵੇਂ ਦਿਨ ਸਨਅਤਕਾਰਾਂ ਨੇ ਗਾਂਧੀਗਿਰੀ ਕਰਦੇ ਹੋਏ ਮੂੰਹ ’ਤੇ ਪੱਟੀਆਂ ਬੰਨ੍ਹ ਕੇ ਮੌਨ ਰੱਖਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸਨਅਤਕਾਰਾਂ ਦਾ ਦੋਸ਼ ਹੈ ਕਿ ਸਟੀਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਉਨ੍ਹਾਂ ਦੀਆਂ ਸਨਅਤਾਂ ਬੰਦ ਹੋਣ ਦੀ ਕਗਾਰ ’ਤੇ ਪੁੱਜ ਗਈਆਂ ਹਨ।
ਸਨਅਤਕਾਰ ਕੇਕੇ ਸੇਠ, ਮਨਜਿੰਦਰ ਸਿੰਘ ਸਚਦੇਵਾ, ਗੁਰਮੀਤ ਸਿੰਘ ਕੁਲਾਰ, ਚਰਨਜੀਤ ਸਿੰਘ ਵਿਸ਼ਵਕਰਮਾ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਸਟੀਲ ਤੇ ਲੋਹੇ ਦੇ ਭਾਅ ਵਿੱਚ ਵਾਧਾ ਹੋ ਰਿਹਾ ਹੈ, ਹਾਲਾਤ ਇਹ ਹਨ ਕਿ ਜਿਹੜੇ ਆਰਡਰ ਪਹਿਲਾਂ ਤੋਂ ਲਏ ਹੋਏ ਹਨ, ਉਨ੍ਹਾਂ ਰੇਟਾਂ ’ਤੇ ਸਾਮਾਨ ਦੇਣਾ ਔਖਾ ਹੋ ਰਿਹਾ ਹੈ ਕਿਉਂਕਿ ਸਟੀਲ ਦੇ ਭਾਅ ਹੁਣ ਡਬਲ ਹੋ ਚੁੱਕੇ ਹਨ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਸਨਅਤਾਂ ’ਤੇ ਕਰੋਨਾ ਦੀ ਵੱਡੀ ਮਾਰ ਪਈ ਸੀ ਪਰ ਉਸਦੇ ਬਾਵਜੂਦ ਸਨਅਤਕਾਰਾਂ ਨੇ ਕਰੋਨਾ ਵਿੱਚ ਸਰਕਾਰਾਂ ਦਾ ਸਾਥ ਦਿੱਤਾ, ਲੇਬਰ ਨੂੰ ਮਾੜੇ ਸਮੇਂ ਵਿੱਚ ਵਿਹਲੇ ਬਿਠਾ ਕੇ ਵੀ ਤਨਖਾਹ ਦਿੱਤੀ, ਟੈਕਸ ਵੀ ਦਿੱਤੇ ਪਰ ਹੁਣ ਇਸ ਵੇਲੇ ਸਰਕਾਰ ਸਨਅਤਕਾਰਾਂ ਬਾਰੇ ਕੁੱਝ ਨਹੀਂ ਸੋਚ ਰਹੀ। ਮੋਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਇੱਕ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਟੀਲ ਤੇ ਲੋਹੇ ਦੇ ਭਾਅ ਸੱਟੇਬਾਜ਼ ਤੈਅ ਕਰ ਰਹੇ ਹਨ। ਜਿਸ ਕਰਕੇ ਬਾਜ਼ਾਰ ਵਿੱਚ ਸਟੀਲ ਦਾ ਹਰ ਘੰਟੇ ਬਾਅਦ ਭਾਅ ਬਦਲ ਜਾਂਦਾ ਹੈ। ਰੇਟ ਰੋਜ਼ਾਨਾ ਵੱਧਦੇ ਜਾ ਰਹੇ ਹਨ, ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਭਾਅ ਘੱਟ ਕਰਕੇ ਕੁੱਝ ਰਾਹਤ ਤਾਂ ਦਿੱਤੀ ਹੈ ਪਰ ਜਦੋਂ ਤੱਕ ਕੱਚੇ ਮਾਲ ਦੇ ਭਾਅ ’ਤੇ ਕੋਈ ਰੋਕ ਨਹੀਂ ਲਗਾਈ ਜਾਂਦੀ, ਉਦੋਂ ਤੱਕ ਸਨਅਤਾਂ ਚਲਾਉਣੀਆਂ ਮੁਸ਼ਕਲ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ।
ਸ਼ਿਵ ਸੈਨਾ ਵੱਲੋਂ ਸਨਅਤਕਾਰਾਂ ਖ਼ਿਲਾਫ਼ ਸ਼ਿਕਾਇਤ
ਸ਼ਿਵ ਸੈਨਾ ਪੰਜਾਬ ਨੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇੰਜਨੀਅਰਰਿੰਗ ਸਨਅਤਕਾਰ ਨਾਲ ਜੁੜੇ ਸਨਅਤਕਾਰਾਂ ਖ਼ਿਲਾਫ਼ ਕੇਸ ਦਰਜ ਕਰਕੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਸਬੰਧੀ ਮੰਗਲਵਾਰ ਨੂੰ ਥਾਣਾ ਡਿਵੀਜ਼ਨ ਨੰਬਰ-8 ’ਚ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ’ਚ ਉਨ੍ਹਾਂ ਦੱਸਿਆ ਕਿ ਸਨਅਤਕਾਰਾਂ ਵੱਲੋਂ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਇੱਕ ਵੀਡੀਓ ਇੰਟਰਨੈੱਟ ’ਤੇ ਵਾਇਰਲ ਕੀਤੀ ਗਈ ਹੈ। ਵੀਡੀਓ ’ਚ ਸਾਰੇ ਸਨਅਤਕਾਰ ਹਿੰਦੂ ਸਮਾਜ ਦੇ ਧਾਰਮਿਕ ਭਜਨ ਗਾ ਕੇ ਮਜ਼ਾਕ ਉਡਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਰਤੀ ਉਤਾਰਦੇ ਨਜ਼ਰ ਆ ਰਹੇ ਹਨ, ਜਿਸ ਨਾਲ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਸ਼ਿਕਾਇਤ ’ਚ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਲੋਕਾਂ ਖਿਲਾਫ਼ ਕੇਸ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਹਿੰਦੂ ਸਮਾਜ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।