ਗੁਰਿੰਦਰ ਸਿੰਘ
ਲੁਧਿਆਣਾ, 7 ਨਵੰਬਰ
ਗੁਰੂ ਨਾਨਕ ਦੇਵ ਜੀ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਵੱਖ ਵੱਖ ਸਿੱਖ ਜੱਥੇਬੰਦੀਆਂ ਵੱਲੋਂ ਭਾਰਤ ਨਗਰ ਚੌਕ ਵਿੱਚ ਰੋਸ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮਖੂ, ਸਿੱਖ ਯੂਥ ਪਾਵਰ ਆਫ ਪੰਜਾਬ ਦੇ ਮੁੱਖ ਸੇਵਾਦਾਰ ਨਿਹੰਗ ਪ੍ਰਦੀਪ ਸਿੰਘ ਇਆਲੀ ਅਤੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਭਾਈ ਭਵਨਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਬੋਲਣ ਵਾਲੇ ਅਨਿਲ ਅਰੋੜਾ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜੋ ਸਿੱਧੇ ਰੂਪ ਵਿੱਚ ਸਿੱਖ ਭਾਈਚਾਰੇ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ ਜਿਸ ਨੂੰ ਸਿੱਖ ਜੱਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਸਰਕਾਰ ਨੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤਾਂ ਇਸ ਦੇ ਮਾੜੇ ਸਿੱਟੇ ਨਿਕਲਣਗੇ। ਇਸ ਸਮੇਂ ਸੁਖਪਾਲ ਸਿੰਘ ਪਾਸੀ, ਸ਼ਿੰਗਾਰਾ ਸਿੰਘ ਦਾਦ, ਬਾਪੂ ਬਲਕੌਰ ਸਿੰਘ, ਨਿਹੰਗ ਕੰਵਲਪ੍ਰੀਤ ਸਿੰਘ, ਕੁਲਦੀਪ ਸਿੰਘ ਲਾਂਬਾ, ਬਿੱਟੂ ਭਾਟੀਆ, ਦਲਵਿੰਦਰ ਸਿੰਘ ਆਸ਼ੂ ਆਦਿ ਹਾਜ਼ਰ ਸਨ।
ਪੁਲੀਸ ਵੱਲੋਂ ਭਾਰਤ ਨਗਰ ਚੌਕ ਸੀਲ, ਲੋਕ ਹੋਏ ਪ੍ਰੇਸ਼ਾਨ
ਸਿੱਖ ਜਥੇਬੰਦੀਆਂ ਵਲੋਂ ਅੱਜ ਭਾਰਤ ਨਗਰ ਚੌਂਕ ਵਿੱਚ ਧਰਨਾ ਦੇ ਕੇ ਆਵਾਜਾਈ ਠੱਪ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪੁਲੀਸ ਵੱਲੋਂ ਧਰਨੇ ਵਾਲੀ ਥਾਂ ਤੋਂ ਪਹਿਲਾਂ ਹੀ ਬੈਰੀਕੇਡ ਲਗਾ ਕੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ। ਭਾਰਤ ਨਗਰ ਚੌਂਕ ਤੋਂ ਪਹਿਲਾਂ ਹੀ ਪੁਲੀਸ ਨੇ ਆਵਾਜਾਈ ਬਦਲਵੇਂ ਰਸਤੇ ’ਤੇ ਭੇਜਣ ਲਈ ਬੱਸ ਅੱਡੇ ਵੱਲੋਂ ਆ ਰਹੀ ਟ੍ਰੈਫਿਕ ਨੂੰ ਈਐਸਆਈ ਹਸਪਤਾਲ ਕੋਲ, ਫਿਰੋਜ਼ਪੁਰ ਰੋਡ ਵੱਲੋਂ ਆ ਰਹੀ ਟ੍ਰੈਫਿਕ ਲਈ ਭਾਈ ਬਾਲਾ ਚੌਂਕ ਕੋਲ, ਜਗਰਾਉਂ ਪੁੱਲ ਵੱਲੋਂ ਆ ਰਹੀ ਟ੍ਰੈਫਿਕ ਲਈ ਦੁਰਗਾ ਮਾਤਾ ਮੰਦਿਰ ਕੋਲ ਅਤੇ ਸਿਵਲ ਲਾਇਨ ਵਲੋਂ ਆ ਰਹੀ ਟ੍ਰੈਫਿਕ ਲਈ ਫੁਆਰਾ ਚੌਂਕ ਵਿੱਚ ਬੈਰੀਕੇਡ ਲਗਾ ਦਿੱਤੇ ਸਨ ਅਤੇ ਹਰ ਤਰ੍ਹਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਇੱਥੋਂ ਸਿਰਫ਼ ਐਮਰਜੈਂਸੀ ਵਾਲੇ ਵਾਹਨਾਂ ਨੂੰ ਹੀ ਲੰਘਣ ਦਿੱਤਾ ਜਾ ਰਿਹਾ ਸੀ। ਪੁਲੀਸ ਵੱਲੋਂ ਕੀਤੇ ਇੰਤਜ਼ਾਮਾਂ ਕਾਰਨ ਬੇਸ਼ਕ ਆਵਾਜਾਈ ਚਲ ਰਹੀ ਸੀ ਪਰ ਭੀੜ ਹੋਣ ਕਾਰਨ ਆਵਾਜਾਈ ਵਿੱਚ ਵਿਘਨ ਵੀ ਪਿਆ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲ ਪੇਸ਼ ਆਈ। ਇਸ ਮੌਕੇ ਥਾਣਾ ਡਵੀਜ਼ਨ ਨੰਬਰ ਪੰਜ ਦੇ ਇੰਸਪੈਕਟਰ ਦਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਪੁਲੀਸ ਪਾਰਟੀਆਂ ਤਾਇਨਾਤ ਰਹੀਆਂ।