ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਮਾਰਚ
ਮਿੱਡ-ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਰਾਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮਿੱਡ-ਡੇਅ ਮੀਲ ਵਰਕਰਾਂ ਤੋਂ ਨਗੂਨੀ ਤਨਖ਼ਾਹ ’ਤੇ ਸਕੂਲਾਂ ਅੰਦਰ ਦਰਜਾ ਚਾਰ ਮੁਲਾਜ਼ਮਾਂ ਵਾਲੇ ਸਾਰੇ ਕੰਮ ਲਏ ਜਾਣ ਖ਼ਿਲਾਫ਼ ਰੋਸ ਪ੍ਰਗਟ ਕੀਤਾ ਹੈ। ਮੀਟਿੰਗ ਵਿੱਚ ਸਰਬਜੀਤ ਕੌਰ, ਅੰਜੂ ਬਾਲਾ, ਕੁਲਦੀਪ ਕੌਰ, ਮਮਤਾ, ਪ੍ਰਵੀਨ ਰਾਣੀ, ਸਨੇਹਾ, ਬਲਜਿੰਦਰ ਤੋਂ ਇਲਾਵਾ ਵੱਡੀ ਗਿਣਤੀ ਵਰਕਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਅਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ 7 ਮਾਰਚ ਨੂੰ ਪਟਿਆਲਾ ਵਿੱਚ ਹੋਣ ਜਾ ਰਹੀ ਵਿਸ਼ਾਲ ਮੁਲਾਜ਼ਮ ਰੈਲੀ ਵਿੱਚ ਮਿੱਡ-ਡੇਅ ਮੀਲ ਵਰਕਰ ਵੱਡੀ ਪੱਧਰ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਲੁਧਿਆਣਾ ਦੇ ਆਗੂਆਂ ਰੁਪਿੰਦਰਪਾਲ ਸਿੰਘ ਗਿੱਲ, ਰਮਨਜੀਤ ਸਿੰਘ ਸੰਧੂ ਅਤੇ ਸੁਖਵਿੰਦਰ ਸਿੰਘ ਲੀਲ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਿਛਲੇ ਚਾਰਾਂ ਸਾਲਾਂ ਵਿੱਚ ਮੁਲਾਜ਼ਮ ਦੇ ਹਰ ਵਰਗ ਦੀਆਂ ਮੰਗਾਂ ਨੂੰ ਲਗਾਤਾਰ ਨੁਕਰੇ ਲਾ ਕੇ ਰੱਖਣ ਕਾਰਨ ਮੁਲਾਜ਼ਮ ਵਰਗ ਅਤੇ ਮਿੱਡ-ਡੇਅ ਮੀਲ ਵਰਕਰਾਂ ਅੰਦਰ ਗੁੱਸਾ ਹੈ। ਸੂਬਾ ਸਰਕਾਰ ਵੱਲੋਂ ਤਨਖਾਹਾਂ ਵਧਾਉਣ ਵਾਲੇ ਪੱਤਰ ਨੂੰ ਜਾਰੀ ਕਰਨ ਦੇ ਦਿੱਤੇ ਗਏ ਭਰੋਸੇ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਅਤੇ ਮਾਣ-ਭੱਤੇ ਵਾਲੇ, ਕੱਚੇ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ (ਸਮੇਤ ਮਿੱਡ-ਡੇਅ ਮੀਲ, ਆਸ਼ਾ ਵਰਕਰਾਂ ਅਤੇ ਸਿੱਖਿਆ ਵਾਲੰਟੀਅਰਾਂ ਆਦਿ) ਨੂੰ ਪੱਕੇ ਨਾ ਕਰਨ ਤੋਂ ਪਾਸਾ ਵੱਟਿਆ ਹੋਇਆ ਹੈ।