ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੁਲਾਈ
ਵਿਧਾਨ ਸਭਾ ਹਲਕਾ ਕੇਂਦਰੀ ਦੇ ਵਾਰਡ ਨੰਬਰ-55 ਦੇ ਨਿਊ ਸ਼ਿਵਾਜੀ ਨਗਰ ਅਤੇ ਹਰਗੋਬਿੰਦ ਨਗਰ ਵਿਚ ਬਿਜਲੀ ਸੰਕਟ ਤੋਂ ਪ੍ਰੇਸ਼ਾਨ ਲੋਕਾਂ ਨੇ ਅੱਜ ਧਰਨਾ ਲਗਾ ਦਿੱਤਾ। ਲੋਕਾਂ ਨੇ ਕੌਂਸਲਰ ਜਸਬੀਰ ਸਿੰਘ ਜੱਸਾ ਤੇ ਉਨ੍ਹਾਂ ਦੇ ਲੜਕੇ ਸਿਮਰਨ ਸਿੰਘ ਦੇ ਨਾਲ ਮਿਲ ਕੇ ਬਿਜਲੀ ਦਫ਼ਤਰ ਚੀਮਾ ਚੌਕ ਵਿਚ ਇਲਾਕਾ ਐਕਸੀਅਨ ਦਾ ਘਿਰਾਓ ਕੀਤਾ ਅਤੇ ਧਰਨਾ ਦਿੱਤਾ।
ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਇਲਾਕੇ ਦੇ ਲੋਕ ਟ੍ਰਾਂਸਫਾਰਮਰ ਬਦਲਣ ਦੀ ਕਈ ਮਹੀਨਿਆਂ ਤੋਂ ਮੰਗ ਕਰ ਰਹੇ ਹਨ, ਪਰ ਅਫ਼ਸਰ ਕਿਸੇ ਦੀ ਨਹੀਂ ਸੁਣ ਰਹੇ। ਲੋਕਾਂ ਨੇ ਦੱਸਿਆ ਕਿ ਸਮੱਸਿਆ ਨੂੰ ਲੈ ਕੇ ਹਲਕਾ ਵਿਧਾਇਕ ਕੋਲ ਵੀ ਕਈ ਵਾਰ ਸ਼ਿਕਾਇਤ ਕੀਤੀ ਹੈ, ਪਰ ਹੁਣ ਵੀ ਟਾਲ-ਮਟੋਲ ਕਰ ਜਾਂਦੇ ਹਨ।
ਭਾਜਪਾ ਆਗੂ ਗੁਰਦੇਵ ਸ਼ਰਮਾ ਨੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਬਿਜਲੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਉੱਚ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਵੱਡੇ ਟ੍ਰਾਂਸਫਾਰਮਰ ਰਖਵਾ ਕੇ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਕਿਹਾ ਹੈ।
ਮੌਕੇ ’ਤੇ ਮੌਜੂਦ ਐਕਸੀਅਨ ਨੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ 2 ਦਿਨ ਦਾ ਸਮਾਂ ਮੰਗਿਆ ਤੇ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ।
ਉਧਰ, ਬਿਜਲੀ ਸੰਕਟ ਦੇ ਵਿੱਚ ਵਾਰਡ ਨੰਬਰ-26 ’ਚ ਤਿੰਨ ਦਿਨ ਤੋਂ ਪਾਣੀ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ ਹਨ। ਕੁਝ ਇਲਾਕਿਆਂ ਗੰਦਾ ਪਾਣੀ ਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਲਾਕਾ ਕੌਂਸਲਰ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਥੱਕ ਹਾਰ ਕੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨਾ ਪਿਆ। ਲੋਕਾਂ ਨੇ ਕੌਂਸਲਰ ਤੇ ਨਿਗਮ ਅਫ਼ਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਾ ਹੋਇਆ ਤਾਂ ਉਹ ਨਗਰ ਨਿਗਮ ਦਾ ਦਫ਼ਤਰ ਘੇਰਨਗੇ।