ਜੋਗਿੰਦਰ ਸਿੰਘ ਓਬਰਾਏ
ਖੰਨਾ, 26 ਮਈ
ਜੇਈ ਦੀ ਬਦਲੀ ਨਾ ਹੋਣ ਕਾਰਨ ਆਈ.ਟੀ.ਆਈ ਐਂਪਲਾਈਜ਼ ਐਸੋਸੀਏਸ਼ਨ ਸਰਕਲ ਵੱਲੋਂ ਅੰਸ਼ਕ ਧਰਨਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸਰਹਿੰਦ ਗਰਿੱਡ ’ਤੇ ਤਾਇਨਾਤ ਕਰਮਚਾਰੀ ਮਨਦੀਪ ਸਿੰਘ ਨਾਲ ਜੇਈ ਵੱਲੋਂ ਕਥਿਤ ਤੌਰ ’ਤੇ ਕੀਤੀ ਗਾਲੀ ਗਲੋਚ ਕੀਤੀ ਗਈ, ਇਸ ’ਤੇ ਐੱਸਈ ਖੰਨਾ ਨੇ ਜੇਈ ਦੀ ਬਦਲੀ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਜੇ.ਈ ਦੀ ਬਦਲੀ ਹੋਣ ਦੇ ਬਾਵਜੂਦ ਉਸ ਨੂੰ ਰਿਲੀਵ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਜਥੇਬੰਦੀ ਦੇ ਸਾਥੀਆਂ ਵਿੱਚ ਰੋਸ ਹੈ। ਜਾਣਕਾਰੀ ਅਨੁਸਾਰ 29 ਮਾਰਚ ਨੂੰ ਹੋਏ ਸਮਝੌਤੇ ਜਿਸ ਵਿੱਚ ਐੱਸ.ਈ ਖੰਨਾ ਤੇ ਐੱਸਈਪੀਜੀਐੱਮ ਲੁਧਿਆਣਾ ਦੀ ਮੌਜੂਦਗੀ ਵਿੱਚ ਤਿੰਨ ਧਿਰੀ ਸਮਝੌਤਾ ਜੇਈ ਕੌਂਸਲ ਦੇ ਅਹੁਦੇਦਾਰਾਂ ਨਾਲ ਹੋਇਆ ਸੀ ਕਿ ਸਬੰਧਤ ਜੇਈ ਦੀ 15 ਅਪਰੈਲ ਤੱਕ ਬਦਲੀ ਕਰਕੇ ਰਿਲੀਵ ਕੀਤਾ ਜਾਵੇਗਾ, ਪਰ ਉੱਚ ਅਧਿਕਾਰੀਆਂ ਵੱਲੋਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਕਾਰਨ ਉਨ੍ਹਾਂ ਨੂੰ ਧਰਨਾ ਦੇਣਾ ਪਿਆ। ਜਥੇਬੰਦੀ ਵੱਲੋਂ ਐੱਸ.ਈ ਖੰਨਾ ਨੂੰ ਪਹਿਲੀ ਜੂਨ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ਮੌਕੇ ਦਵਿੰਦਰ ਸਿੰਘ, ਹਰਕੀਰਤ ਸਿੰਘ, ਜਸਵੀਰ ਸਿੰਘ, ਮਨਦੀਪ ਸਿੰਘ, ਕਮਲ ਬਡਾਲੀ, ਭਾਗ ਸਿੰਘ, ਨਰੇਸ਼ ਕੁਮਾਰ, ਸ਼ਮਿੰਦਰ ਸਿੰਘ, ਜਸਵੀਰ ਸਿੰਘ ਤੇ ਹਰਿੰਦਰ ਸਿੰਘ ਆਦਿ ਹਾਜ਼ਰ ਸਨ।