ਪੱਤਰ ਪ੍ਰੇਰਕ
ਜਗਰਾਉਂ, 28 ਜੁਲਾਈ
ਪਾਵਰਕੌਮ ਗਰਿੱਡ ਭੂੰਦੜੀ ਤੋਂ ਇਲਾਕੇ ਭਰ ਦੇ ਪਿੰਡਾਂ ਨੂੰ ਦਿੱਤੀ ਜਾ ਰਹੀ ਮਾੜੀ ਬਿਜਲੀ ਸਪਲਾਈ ਨੂੰ ਲੈ ਕੇ ਪ੍ਰੇਸ਼ਾਨ ਉਪਭੋਗਤਾਵਾਂ ਨੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਬੀਕੇਯੂ (ਡਕੌਂਦਾ) ਦੇ ਆਗੂਆਂ ਦੀ ਅਗਵਾਈ ਹੇਠ ਐੱਸਡੀਓ ਹੰਭੜਾ ਨੂੰ ਮੰਗ ਪੱਤਰ ਦਿੱਤਾ ਅਤੇ ਨਿਰੰਤਰ ਬਿਜਲੀ ਸਪਲਾਈ ਦੀ ਮੰਗ ਕੀਤੀ। ਵਫ਼ਦ ਨੇ ਸੁਣਵਾਈ ਨਾਂ ਹੋਣ ਦੀ ਸੂਰਤ ’ਚ ਗਰਿੱਡ ਘੇਰਨ ਦੀ ਚਿਤਾਵਨੀ ਵੀ ਦਿੱਤੀ ਹੈ। ਵਫ਼ਦ ਦੀ ਅਗਵਾਈ ਕਰ ਰਹੇ ਮਜ਼ਦੂਰ ਆਗੂ ਡਾ. ਸੁਖਦੇਵ ਭੂੰਦੜੀ ਨੇ ਦੱਸਿਆ ਕਿ ਪਾਵਰਕੌਮ ਅਤੇ ਸਰਕਾਰ ਦੇ ਨਿਰੰਤਰ ਬਿਜਲੀ ਸਪਲਾਈ ਦੇ ਦਾਅਵੇ ਇਸ ਬੇਟ ਦੇ ਇਲਾਕੇ ’ਚ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭੂੰਦੜੀ ਗਰਿੱਡ ਨੇ ਲੋਕਾਂ ਦੇ ਨੱਕ ’ਚ ਦਮ ਕਰ ਰੱਖਿਆ ਹੈ ਤੇ ਲੋਕ ਕਾਫ਼ੀ ਪ੍ਰੇਸ਼ਾਨ ਹਨ। ਪਾਵਰਕੌਮ ਦੇ ਐੱਸਡੀਓ ਨੂੰ ਮੰਗ ਪੱਤਰ ਸੌਂਪਣ ਸਮੇਂ ਜਲਦੀ ਹੱਲ ਦੀ ਅਪੀਲ ਕੀਤੀ।