ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਨਵੰਬਰ
ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਬਣਨ ਵਾਲੇ ਪੁੱਲਾਂ ਦੀ ਮਾੜੀ ਹਾਲਤ ਨੂੰ ਲੈ ਕੇ ਟੀਵੀ ਚੈਨਲਾਂ ਅਤੇ ਅਖਬਾਰਾਂ ਵਿਚ ਖ਼ਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਨੇ ਵੀ ਇਸ ਸਬੰਧੀ ਮਿਲੇ ਵਫ਼ਦਾਂ ਨੂੰ ਸਿਵਾਏ ਭਰੋਸੇ ਦੇ ਕੁੱਝ ਨਹੀਂ ਦਿੱਤਾ।
ਕੁੱਝ ਦਿਨ ਪਹਿਲਾਂ ਸਥਾਨਕ ਬੱਸ ਟਰਮੀਨਲ ਅਤੇ ਕੋਰਟ ਕੰਪਲੈਕਸ ਦੇ ਸਾਹਮਣੇ ਬਣੇ ਪੁਲ ਦੇ ਉੱਪਰ ਕੀਤੀ ਲਿੱਪਾ-ਪੋਚੀ ਅਤੇ ਪਾਸਿਆਂ ਵਾਲੀਆਂ ਸਲੇਟਾਂ ਖਿਸਕ ਜਾਣ ਕਾਰਨ ਸਾਰਾ ਮਲਬਾ ਹੇਠਾਂ ਆ ਗਿਆ ਸੀ। ਉਸ ਤੋਂ ਬਾਅਦ ਮਲਕ ਚੌਕ ਫਿਰ ਅਲੀਗੜ੍ਹ ਅਤੇ ਚੌਂਕੀਮਾਨ ਕੋਲ ਬਣੇ ਪੁਲ ਵੀ ਖਿੰਡ ਗਏ ਸਨ। ਇੱਥੇ ਕਚਹਿਰੀ ਕੋਲ ਤਾਂ ਜੁਡੀਸ਼ੀਅਲ ਕੋਰਟ ਕੰਪਲੈਕਸ, ਤਹਿਸੀਲ ਦਫ਼ਤਰ, ਉਪ-ਮੰਡਲ ਮੈਜਿਸਟਰੇਟ ਅਤੇ ਏਡੀਸੀ ਦਫ਼ਤਰ ਦਾ ਮੀਂਹ ਪੈਣ ਤੋਂ ਬਾਅਦ ਕਈ-ਕਈ ਸੰਪਰਕ ਟੁੱਟਿਆ ਰਹਿੰਦਾ ਹੈ। ਸਰਵਿਸ ਸੜਕਾਂ ਦੀ ਹਾਲਤ ਵੀ ਬਹੁਤ ਮਾੜੀ ਹੈ ਪਾਣੀ ਦੇ ਨਿਕਾਸ ਦਾ ਕੋਈ ਠੋਸ ਪ੍ਰਬੰਧ ਨਹੀਂ ਹੈ।
ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਗਿੱਲ, ਇੰਜੀ. ਅੰਮ੍ਰਿਤ ਸਿੰਘ ਥਿੰਦ, ਮੇਜਰ ਸਿੰਘ ਛੀਨਾ, ਅਮਨਦੀਪ ਮਲਕ, ਵਾਤਾਵਰਨ ਪ੍ਰੇਮੀ ਸਤਪਾਲ ਦੇਹੜਕਾ ਸਣੇ ਦਰਜਨ ਦੇ ਕਰੀਬ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਆਗੂਆਂ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਇਸ ਮਾਰਗ ਨੂੰ ਅਸੁਰੱਖਿਅਤ ਐਲਾਨਣ ਦੀ ਮੰਗ ਕੀਤੀ ਹੈ। ਲੋਕ ਆਗੂਆਂ ਦਾ ਕਹਿਣਾ ਹੈ ਕਿ ਇਸ ਮਾਰਗ ’ਤੇ ਬਣੇ ਮਾੜੇ ਪੁਲਾਂ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਦੀ ਸੁਰੱਖਿਆ ਦਾ ਵਾਅਦਾ ਕਰ ਸਾਰੇ ਪੁਲ ਮੁੜ ਤੋਂ ਬਣਾਏ ਜਾਣ। ਉਨ੍ਹਾਂ ਆਖਿਆ ਕਿ ਜਿੰਨੀ ਦੇਰ ਪੁਲਾਂ ਦਾ ਕੋਈ ਹੱਲ ਨਹੀਂ ਹੋ ਜਾਂਦਾ ਇਸ ਮਾਰਗ ’ਤੇ ਟੌਲ ਨਾ ਲਗਾਇਆ ਜਾਵੇ।