ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਜੂਨ
ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਪਰਵਾਸੀ ਲੇਖਕ ਧਰਮ ਸਿੰਘ ਗੁਰਾਇਆ ਦੀ ਪੁਸਤਕ ‘ਦੁੱਲਾ ਭੱਟੀ’ ਅਤੇ ਕੈਨੇਡਾ ਦੇ ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕ ਅਰਪਣ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੁਰਿੰਦਰ ਸਿੰਘ ਸੁੰਨੜ, ਗੁਰਪ੍ਰੀਤ ਸਿੰਘ ਤੂਰ, ਡਾ. ਗੁਰਇਕਬਾਲ ਸਿੰਘ ਅਤੇ ਡਾ. ਰਮੇਸ਼ ਕੁਮਾਰ ਨੇ ਯਮੁਨਾਨਗਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਕੌਂਸਲ ਦੇ ਪ੍ਰਧਾਨ ਡਾ. ਐੱਸਪੀ ਸਿੰਘ ਨੇ ਕਿਹਾ ਕਿ ਇਨ੍ਹਾਂ ਪੁਸਤਕਾਂ ’ਤੇ ਵਿਚਾਰ ਚਰਚਾ ਹਿੱਤ ਵੈਬਿਨਾਰ ਵੀ ਕਰਵਾਇਆ ਜਾਵੇਗਾ।
ਪ੍ਰੋ. ਗਿੱਲ ਨੇ ਕਿਹਾ ਕਿ ਧਰਮ ਸਿੰਘ ਗੁਰਾਇਆ ਨੇ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਦੀ ਇਸ ਪੁਸਤਕ ਸਿਰਜਣਾ ਦੇ ਲਈ ਖੇਤਰੀ ਕਾਰਜ ਕਰ ਕੇ, ਤੱਥ ਇਕੱਤਰ ਕਰ ਕੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਇਸ ਪੁਸਤਕ ਦੀ ਸਿਰਜਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੇਖਕ ਵੱਲੋਂ ਇਸ ਤੋਂ ਪਹਿਲਾਂ ਵੀ ਲੋਕ ਨਾਇਕ ਜੱਗਾ ਡਾਕੂ ਬਾਰੇ 2019 ਵਿੱਚ ਪੁਸਤਕ ਪ੍ਰਕਾਸ਼ਤ ਹੋ ਚੁੱਕੀ ਹੈ।
ਡਾ. ਜੌਹਲ ਨੇ ਹਰਦਮ ਮਾਨ ਬਾਰੇ ਕਿਹਾ ਕਿ ਉਹ ਉਹ 2012 ਤੋਂ ਕੈਨੇਡਾ ਰਹਿੰਦੇ ਹਨ ਅਤੇ ਮੁੱਖ ਤੌਰ ’ਤੇ ਗ਼ਜ਼ਲ ਲਿਖਦੇ ਹਨ। ਸ਼ੀਸ਼ੇ ਦੇ ਅੱਖਰ ਗਜ਼ਲ ਸੰਗ੍ਰਹਿ ਦੀਆਂ ਗਜ਼ਲਾਂ ਸਮਕਾਲੀ ਮਨੁੱਖ ਦੀਆਂ ਇਛਾਵਾਂ, ਸੱਧਰਾਂ, ਬੇਵਸੀ ਅਤੇ ਪੂੰਜੀ ਕਲਚਰ ਤੇ ਇਸ ਦੇ ਪ੍ਰਭਾਵਾਂ ਨੂੰ ਉਭਾਰਦੀਆਂ ਹਨ। ਡਾ. ਰਮੇਸ਼ ਨੇ ਦੱਸਿਆ ਕਿ ਉਹ ਇਸੇ ਹੀ ਕਾਲਜ ਦੇ ਪੁਰਾਣੇ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ ਸੰਸਥਾ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ।