ਨਿੱਜੀ ਪੱਤਰ ਪ੍ਰੇਰਕ
ਖੰਨਾ, 27 ਅਕਤੂਬਰ
ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਪੰਜਾਬ ਵਿਚ ਦੂਜੇ ਸੂਬਿਆਂ ਤੋਂ ਗਲਤ ਢੰਗ ਨਾਲ ਹੋਣ ਵਾਲੀ ਝੋਨੇ ਦੀ ਆਮਦ ਨੂੰ ਰੋਕਣ ਲਈ ਇਲਾਕੇ ਦੇ ਸ਼ੈਲਰਾਂ ਅੰਦਰ ਜਾ ਕੇ ਸਟੋਰ ਕੀਤੇ ਝੋਨੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਪਨਗ੍ਰੇਨ ਦੇ ਵਿਜੀਲੈਂਸ ਵਿੰਗ ਦੀ ਸੱਤ ਮੈਂਬਰੀ ਟੀਮ ਵੱਲੋਂ ਸਮਾਣਾ ਦੇ ਏਐੱਫਐੱਸਓ ਨਿਖਿਲ ਵਾਲੀਆ ਦੀ ਅਗਵਾਈ ਹੇਠ ਇੱਥੋਂ ਦੇ ਸਮਰਾਲਾ ਰੋਡ ’ਤੇ ਸਥਿਤ ਸ਼ੈਲਰਾਂ ਵਿੱਚ ਸਟੋਰ ਕੀਤੇ ਝੋਨੇ ਦੀ ਜਾਂਚ ਕੀਤੀ ਗਈ। ਸ਼ੈਲਰ ਅੰਦਰ ਵੱਡੀ ਮਾਤਰਾ ਵਿੱਚ ਖੁੱਲ੍ਹੇ ਪਏ ਝੋਨੇ ਦੀ ਵੱਖਰੇ ਤੌਰ ’ਤੇ ਚੈਕਿੰਗ ਕੀਤੀ ਗਈ। ਅਧਿਕਾਰੀਆਂ ਅਨੁਸਾਰ ਟੀਮ ਸਟੋਰ ਕੀਤੇ ਝੋਨੇ ਦੀ ਇਸ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਜੇਕਰ ਮੰਡੀ ਵਿੱਚੋਂ ਵਿਕਿਆ ਝੋਨਾ ਸ਼ੈਲਰ ਅੰਦਰ ਸਟੋਰ ਕਰਨ ਲਈ ਲਿਆਂਦਾ ਗਿਆ ਤਾਂ ਇਸ ਨੂੰ ਕਿਉਂ ਖੋਲ੍ਹਿਆ ਗਿਆ ਹੈ ਅਤੇ ਜੇਕਰ ਝੋਨੇ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੈ ਤਾਂ ਖਰੀਦ ਕਿਉਂ ਕੀਤੀ ਗਈ। ਸ੍ਰੀ ਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਰਪਣ ਤੇ ਜਿੰਦਲ ਦੋ ਸ਼ੈਲਰਾਂ ਵਿੱਚ ਵੀ ਖਰੀਦ, ਸਟੋਰ ਤੇ ਖੁੱਲ੍ਹੇ ਰੱਖੇ ਮਾਲ ਦੀ ਰਿਪੋਰਟ ਬਣਾ ਕੇ ਅਧਿਕਾਰੀਆਂ ਨੂੰ ਭੇਜੀ ਗਈ ਹੈ।