ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਸਤੰਬਰ
ਪੀਏਯੂ ਦੇ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਕਰਵਾਏ ਗਏ ਸਮਾਗਮ ਵਿੱਚ ਪੰਜਾਬ ’ਚ ਪਰਾਲੀ ਦੀ ਸੁਚੱਜੀ ਸੰਭਾਲ ਲਈ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਵਿੱਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ’ਵਰਸਿਟੀ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਪ੍ਰਧਾਨਗੀ ਕੀਤੀ ਜਦਕਿ ਪੰਜਾਬ ਦੇ ਕਈ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਵੀ ਇਸ ਮੁਹਿੰਮ ’ਚ ਉਚੇਚੇ ਤੌਰ ’ਤੇ ਪਹੁੰਚੇ।
ਸ੍ਰੀ ਧਾਲੀਵਾਲ ਨੇ ਕਿਹਾ, ‘‘ਅਸੀਂ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ।’’ ਵਾਤਾਵਰਨ ਬਾਰੇ ਫਿਕਰਮੰਦੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ, ‘‘ਪੰਜਾਬ ਨੇ ਅਥਾਹ ਅੰਨ ਪੈਦਾ ਕਰਕੇ ਦੇਸ਼ ਦੇ ਭੰਡਾਰ ਤਾਂ ਭਰ ਦਿੱਤੇ ਪਰ ਨਾਲ ਹੀ ਆਪਣੇ ਹਵਾ, ਪਾਣੀ ਤੇ ਮਿੱਟੀ ਨੂੰ ਪ੍ਰਦੂਸ਼ਿਤ ਕਰ ਲਿਆ ਹੈ। ਉਦੋਂ ਪਰਾਲੀ ਸਾੜਨ ਨੂੰ ਮਜਬੂਰੀ ਮੰਨਿਆ ਜਾ ਸਕਦਾ ਸੀ ਪਰ ਅੱਜ ਮਸ਼ਿਨਰੀ ਦੇ ਰੂਪ ਵਿੱਚ ਬੜੇ ਬਦਲ ਉਪਲੱਬਧ ਹਨ।’’ ਉਨ੍ਹਾਂ ਕਿਹਾ ਕਿ ਸਮਾਜ ਨੂੰ ਜਾਗਰੂਕ ਕਰਨ ਲਈ ਵਿਦਿਆਰਥੀਆਂ ਦੀ ਭੂਮਿਕਾ ਬੜੀ ਅਹਿਮ ਹੈ ਅਤੇ ਉਮੀਦ ਹੈ ਕਿ ਸੂਬੇ ਨਾਲ ਜੁੜੀਆਂ ਬੁਰੀਆਂ ਗੱਲਾਂ ਗਲੋਂ ਲਾਹੁਣ ਲਈ ਇਹ ਵਿਦਿਆਰਥੀ ਬਣਦਾ ਯੋਗਦਾਨ ਪਾਉਣਗੇ। ਧਾਲੀਵਾਲ ਨੇ ਖੁਲਾਸਾ ਕੀਤਾ ਕਿ ਦਿੱਲੀ ਦੇ ਡੀ ਕੰਮਪੋਜ਼ਰ ਦਾ ਪ੍ਰੀਖਣ 5 ਹਜ਼ਾਰ ਏਕੜ ਵਿੱਚ ਕੀਤਾ ਜਾਵੇਗਾ।
ਡਾ. ਗੋਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿ ਝੋਨੇ ਦੀ ਵਢਾਈ ਤੇ ਕਣ ਦੀ ਬਿਜਾਈ ਵਿੱਚ ਸਮਾਂ ਵਿੱਧ ਥੋੜ੍ਹੀ ਹੋਣ ਕਰਕੇ ਕਈ ਕਿਸਨ ਪਰਾਲੀ ਨੂੰ ਅੱਗ ਵਾਲਾ ਰਸਤਾ ਚੁਣਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਆਪਾਂ ਅੱਗ ਨਾ ਲਾਉਣ ਲਈ ਜਾਗਰੂਕਤਾ ਫੈਲਾਉਣੀ ਹੈ, ਜਿਸ ਲਈ ਤੁਹਾਨੂੰ ਸੰਦੇਸ਼ ਵਾਹਕ ਬਣਾ ਰਹੇ ਹਾਂ। ਇਸ ਮੌਕੇ ਡਾ. ਮਹੇਸ਼ ਕੁਮਾਰ ਨਾਰੰਗ ਨੇ ਪਰਾਲੀ ਦੀ ਸੰਭਾਲ ਵਾਲੀ ਮਸ਼ੀਨਰੀ ਬਾਰੇ ਪੇਸ਼ਕਾਰੀ ਦਿੱਤੀ। ਡਾ .ਆਰਕੇ ਗੁਪਤਾ ਨੇ ਪਰਾਲੀ ਨੂੰ ਖੇਤ ਵਿੱਚ ਵਾਹੁਣ ਦੇ ਲਾਭਾਂ ਬਾਰੇ ਪੇਸ਼ਕਾਰੀ ਦਿੱਤੀ।