ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਮਈ
ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਅੱਜ ਸ਼ਹਿਰ ਵਿੱਚ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਨਅਤਕਾਰਾਂ ਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ। ਮੀਟਿੰਗ ਵਿੱਚ ਵੱਡੀ ਗਿਣਤੀ ਸ਼ਹਿਰ ਦੇ ਸਨਅਤਕਾਰ ਤੇ ਵਪਾਰੀ ਮੌਜੂਦ ਸਨ। ਪਿਯੂਸ਼ ਗੋਇਲ ਨੇ ਸਨਅਤਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਪਾਰੀਆਂ ’ਚ ਬਹੁਤ ਹੁਨਰ ਹੈ ਪਰ ਫਿਰ ਵੀ ਪੰਜਾਬ ਪਛੜ ਰਿਹਾ ਹੈ। ਅੱਜ ਪੰਜਾਬ ਤੇ ਇੱਥੋਂ ਦੇ ਵਪਾਰ ਨੂੰ ਵਧਾਉਣ ਦੀ ਲੋੜ ਹੈ। ਇਹ ਸਭ ਸਰਕਾਰ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਸਰਕਾਰ ਹੁੰਦੀ ਹੈ, ਉਸੇ ਹਿਸਾਬ ਨਾਲ ਸੂਬਾ ਤੇ ਵਪਾਰੀ ਅੱਗੇ ਵੱਧਦਾ ਹੈ। ਅੱਜ ਪੰਜਾਬ ਸਰਕਾਰ ਦਾ ਸੂਬੇ ਦੇ ਵਪਾਰ ਨੂੰ ਵਧਾਉਣ ਵੱਲ ਕੋਈ ਧਿਆਨ ਨਹੀਂ ਹੈ। ਪਿਯੂਸ਼ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ 3 ਵਾਰ ਪ੍ਰਸਤਾਵ ਭੇਜਿਆ ਸੀ, ਜਿਸ ’ਚ ਪੰਜਾਬ ਦੇ ਵਪਾਰ ਜਗਤ ਦੀ ਬਿਹਤਰੀ ਲਈ ਮਿਲ ਕੇ ਕਦਮ ਚੁੱਕੇ ਜਾਣੇ ਸਨ ਪਰ ਪੰਜਾਬ ਸਰਕਾਰ ਨੇ ਇਸ ਸਬੰਧੀ ਕੋਈ ਗੰਭੀਰਤਾ ਨਹੀਂ ਦਿਖਾਈ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਤੱਕ ਵਪਾਰ ਜਗਤ ਨੂੰ ਲੈ ਕੇ ਕੋਈ ਚਿੱਠੀ ਤੱਕ ਨਹੀਂ ਭੇਜੀ ਤੇ ਇੱਥੇ ਬਿਜਲੀ ਵੀ ਸਨਅਤਕਾਰਾਂ ਨੂੰ ਬਹੁਤ ਮਹਿੰਗੀ ਦਿੱਤੀ ਜਾ ਰਹੀ ਹੈ। ਸ੍ਰੀ ਗੋਇਲ ਨੇ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਹੀ ਅਜਿਹੀ ਸਰਕਾਰ ਹੈ, ਜੋ ਪੰਜਾਬ ਦਾ ਭਲਾ ਕਰ ਸਕਦੀ ਹੈ।
ਸ੍ਰੀ ਗੋਇਲ ਨੇ ਕਿਹਾ ਕਿ ਕੇਂਦਰ ਵਿੱਚ ਤੀਸਰੀ ਵਾਰ ਮੋਦੀ ਸਰਕਾਰ ਬਣਨ ਜਾ ਰਹੀ ਹੈ, ਅਜਿਹੇ ’ਚ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਉਹ ਭਾਜਪਾ ਦੇ ਹੱਕ ’ਚ ਫਤਵਾ ਦੇਣ।
ਸਿਆਸੀ ਪਾਰਟੀਆਂ ਆਪਣੇ ਸਿਆਸੀ ਹਿੱਤਾਂ ਲਈ ਕਿਸਾਨਾਂ ਨੂੰ ਭੜਕਾ ਰਹੀਆਂ ਹਨ ਤੇ ਮੋਦੀ ਸਰਕਾਰ ਦੀਆਂ ਸਕੀਮਾਂ ਨੂੰ ਪੰਜਾਬ ’ਚ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਪੰਜਾਬ ਦੇ ਲੋਕ ਸਕੀਮਾਂ ਤੋਂ ਵਾਂਝੇ ਹਨ। ਪਿਯੂਸ਼ ਗੋਇਲ ਨੇ ਕਿਹਾ ਕਿ ਪੰਜਾਬ ਦਾ ਲੁਧਿਆਣਾ ਜੋ ਕਿ ਇੰਡਸਟਰੀ ਹੱਬ ਹੈ ਤੇ ਹੌਜ਼ਰੀ, ਸਾਈਕਲ, ਯਾਰਨ, ਟੈਕਸਟਾਈਲ ’ਚ ਲੁਧਿਆਣਾ ਨੇ ਆਪਣਾ ਨਾਮ ਪੂਰੇ ਦੇਸ਼ ਵਿਦੇਸ਼ ’ਚ ਚਮਕਾਇਆ ਹੈ ਪਰ ਇੱਥੋਂ ਦੀ ਇੰਡਸਟਰੀ ਦੀ ਹਾਲਤ ਪਤਲੀ ਹੋ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਦਾ ਢਾਂਚਾ ਬੇਹੱਦ ਕਮਜ਼ੋਰ ਹੈ ਤੇ ਸਹੂਲਤਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਉਹ ਭਰੋਸਾ ਦਿੰਦੇ ਹਨ ਕਿ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਪੰਜਾਬ ਦੀ ਦਿਸ਼ਾ ਬਦਲ ਦਿੱਤੀ ਜਾਵੇਗੀ।