ਪੱਤਰ ਪ੍ਰੇਰਕ
ਰਾਏਕੋਟ, 9 ਅਗਸਤ
ਸਥਾਨਕ ਪੰਜਾਬ ਨੈਸ਼ਨਲ ਬੈਂਕ ’ਚ ਲੱਗਦੀ ਭੀੜ ਕਾਰਨ ਖਾਤਾਧਾਰਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਰੀਐਂਟਲ ਬੈਂਕ ਆਫ ਕਾਮਰਸ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਸ਼ਾਮਲ ਕੀਤੇ ਜਾਣ ਕਾਰਨ ਦੋ ਬੈਂਕਾਂ ਦਾ ਭਾਰ ਸਥਾਨਕ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ’ਤੇ ਆ ਪਿਆ ਹੈ। ਇਨ੍ਹਾਂ ਬੈਂਕਾਂ ਦੇ ਰਲੇਵੇਂ ਕਾਰਨ ਨਾ ਤਾਂ ਸਟਾਫ਼ ਵਿੱਚ ਵਾਧਾ ਕੀਤਾ ਗਿਆ ਹੈ ਤੇ ਨਾ ਹੀ ਥਾਂ ਦਾ ਵਾਧਾ ਹੋਇਆ ਹੈ। ਕਈ ਵਾਰ ਖਾਤਾਧਾਰਕਾਂ ਨੂੰ ਬੈਂਕ ਦੇ ਆਪਣੇ ਜ਼ਰੂਰੀ ਕੰਮਾਂ ਲਈ ਵੀ ਕਈ-ਕਈ ਦਿਨ ਦੀ ਉਡੀਕ ਕਰਨੀ ਪੈ ਰਹੀ ਹੈ ਕਿਉਂਕਿ ਬੈਂਕ ਵਿੱਚ ਭੀੜ ਜ਼ਿਆਦਾ ਹੋਣ ਕਾਰਨ ਕਈ ਇਸ ਬੈਂਕ ਵਿੱਚ ਕੰਮ ਕਰਵਾਉਣ ਲਈ ਖਾਤਾਧਾਰਕ ਆਮ ਤੌਰ ’ਤੇ ਆਪਸ ਵਿੱਚ ਉਲਝਦੇ ਨਜ਼ਰ ਆਉਂਦੇ ਹਨ। ਇਸ ਸੰਬੰਧੀ ਬੈਂਕ ਮੈਨੇਜਰ ਅਮਰਜੀਤ ਮਾਨ ਨੇ ਦੱਸਿਆ ਕਿ ਸਟਾਫ ਦੀ ਘਾਟ ਕਾਰਨ ਗਾਹਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬੈਂਕ ਵਿੱਚ 6-7 ਹਜ਼ਾਰ ਸਾਬਕਾ ਫੌਜੀਆਂ ਅਤੇ 2 ਹਜ਼ਾਰ ਤੋਂ ਵੱਧ ਬੁਢਾਪਾ ਪੈਨਸ਼ਨ ਖਾਤਾ ਧਾਰਕਾਂ ਦੇ ਖਾਤੇ ਹਨ, ਇਸ ਤੋਂ ਇਲਾਵਾ ਕਈ ਸਕੂਲਾਂ ਦੀਆਂ ਫੀਸਾਂ ਵੀ ਬੈਂਕ ਵਿੱਚ ਜਮ੍ਹਾਂ ਹੁੰਦੀਆਂ ਹਨ ਅਤੇ ਬੈਂਕ ਦੇ ਰਲੇਵੇਂ ਕਾਰਨ ਖਾਤਾ ਧਾਰਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਦੇ ਹਿਸਾਬ ਨਾਲ ਸਟਾਫ ਬਹੁਤ ਘੱਟ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੈਂਕ ਲਈ ਹੋਰ ਸਟਾਫ ਦਿੱਤਾ ਜਾਵੇ।