ਪੱਤਰ ਪ੍ਰੇਰਕ
ਸਮਰਾਲਾ, 23 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਅੱਜ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਅਤੇ ਵਧ ਰਹੇ ਜੁੁਰਮ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਅੱਜ ਜ਼ਰੂਰਤ ਹੈ ਕਿ ਨੌਜਵਾਨ ਵਰਗ ਇਕਜੁੱਟ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਯੂਥ ਬ੍ਰਿਗੇਡ ਪੰਜਾਬ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ‘ਪੰਜਾਬ ਯੂਥ ਮਿਲਣੀ’ ਮੁਹਿੰਮ ਦੌਰਾਨ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ’ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਇਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਵੱਡੇ-ਵੱਡੇ ਦਾਅਵੇ ਕਰਦੀ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾਮੁਕਤ ਕਰ ਕੇ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਹੁਣ ਮੌਜੂਦਾ ਹਾਲਾਤ ਬਿਲਕੁਲ ਇਸ ਤੋਂ ਉਲਟ ਹਨ। ਪਰਮਜੀਤ ਢਿੱਲੋਂ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬ ਦੇ ਨੌਜਵਾਨਾਂ ਨੂੰ ਬਚਾਅ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਮੇਲ ਸਿੰਘ ਬੌਂਦਲੀ, ਪਰਵਿੰਦਰ ਸਿੰਘ ਬੱਲੀ ਆਬਜਰਵਰ, ਅੰਮ੍ਰਿਤਪਾਲ ਗੁਰੋਂ, ਹਰਜਤਿੰਦਰ ਸਿੰਘ ਬਾਜਵਾ, ਬੇਅੰਤ ਸਿੰਘ ਬਲਾਲਾ, ਦਲਬੀਰ ਸਿੰਘ ਕੰਗ, ਗੁਰਪਾਲ ਸਿੰਘ ਗੋਲਡੀ ਤੋਂ ਇਲਾਵਾ ਹੋਰ ਪੰਚ ਸਰਪੰਚ ਤੇ ਵਰਕਰ ਵੀ ਹਾਜ਼ਰ ਸਨ।