ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜੁਲਾਈ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਇਕਾਈ ਪੰਜਾਬੀ ਭਾਸ਼ਾ ਮੰਚ (ਸਾਹਿਤਕ) ਨੇ 2021 ’ਚ ਪ੍ਰਕਾਸ਼ਿਤ ਹੋਏ ਦੋ ਨਾਵਲ ‘ਹਵਾਲਾਤ’ ਅਤੇ ‘ਸੁਕਰਾਤ ਕਦੇ ਮਰਦਾ ਨਹੀਂ’ ਦੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨੌਂ ਸਾਹਿਤਕ ਅਦਾਰਿਆਂ ਨੂੰ ਸਿਫਾਰਸ਼ ਭੇਜੀ ਹੈ। ਮੰਚ ਦੇ ਸੰਚਾਲਕ ਨਾਵਲਕਾਰ ਮਿੱਤਰ ਸੈਨ ਮੀਤ ਨੇ ਦੱਸਿਆ ਕਿ ਮੰਚ ਵੱਲੋਂ ਬਣਾਈ ਗਈ ਪੜਚੋਲ ਕਮੇਟੀ ਨੇ ਆਪਣੀ ਪਹਿਲੀ ਬੈਠਕ ’ਚ ਸਾਲ 2021 ’ਚ ਛਪੇ ਦੋ ਨਾਵਲਾਂ ਦੀ ਪਹਿਚਾਣ ਕੀਤੀ। ਇਸ ’ਚ ਗੁਰਚਰਨ ਨੂਰਪੁਰ ਦਾ ਲਿਖਿਆ ‘ਸੁਕਰਾਤ ਕਦੇ ਮਰਦਾ ਨਹੀਂ’ ਅਤੇ ਜਸਵਿੰਦਰ ਸਿੰਘ ਛਿੰਦਾ ਦਾ ‘ਹਵਾਲਾਤ’ ਨਾਵਲ ਸ਼ਾਮਲ ਹੈ। ਮਿੱਤਰ ਸੈਨ ਮੀਤ ਨੇ ਦੱਸਿਆ ਕੇ ਦੋਵੇਂ ਨਾਵਲਾਂ ਨੂੰ ਪਾਠਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕੇ ਇਨ੍ਹਾਂ ਨਾਵਲਾਂ ਦੇ ਸਬੰਧ ’ਚ ਸੰਸਥਾ ਦੀ ਟੀਮ ਦੇ ਮੈਂਬਰਾਂ ਦਵਿੰਦਰ ਸਿੰਘ ਸੇਖਾ, ਇੰਦਰਪਾਲ ਸਿੰਘ, ਕਰਮ ਸਿੰਘ ਜ਼ਖਮੀ, ਬੇਅੰਤ ਕੌਰ ਮੋਗਾ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀਆਂ ਤੋਂ ਇਲਾਵਾ ਸਾਹਿਤ ਅਕੈਡਮੀ ਦਿੱਲੀ, ਨੈਸ਼ਨਲ ਬੁੱਕ ਟਰੱਸਟ ਦਿੱਲੀ, ਪੰਜਾਬੀ ਅਕੈਡਮੀ ਦਿੱਲੀ, ਕਲਾ ਪ੍ਰੀਸ਼ਦ ਚੰਡੀਗੜ੍ਹ, ਪੰਜਾਬੀ ਅਕੈਡਮੀ ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ ਲੁਧਿਆਣਾ ਨੂੰ ਨਾਵਲਾਂ ਅਤੇ ਇਨ੍ਹਾਂ ਦੇ ਲੇਖਕਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ।