ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਜੁਲਾਈ
ਕੁਝ ਸਾਲਾਂ ’ਚ ਆਇਲਜ਼ (ਆਈਲੈੱਟਸ) ਦਾ ਰੁਝਾਨ ਕਈ ਗੁਣਾਂ ਵਧ ਜਾਣ ਨਾਲ ਪੰਜਾਬ ’ਚ ਇਹ ਬਹੁਕਰੋੜੀ ਕਾਰੋਬਾਰ ਬਣ ਗਿਆ ਹੈ। ਹਰ ਵੱਡੇ ਛੋਟੇ ਸ਼ਹਿਰ ’ਚ ਆਇਲਜ਼ ਸੈਂਟਰਾਂ ਦੀ ਭਰਮਾਰ ਹੈ ਜੋ ਸਮਾਜਿਕ ਲੋੜ ਵਿੱਚੋਂ ਉਪਜੇ ਹਨ ਕਿਉਂਕਿ ਬਾਰ੍ਹਵੀਂ ਤੋਂ ਬਾਅਦ ਬਹੁਗਿਣਤੀ ਬੱਚਿਆਂ ਨੇ ਆਇਲਜ਼ ਕਰਕੇ ਵਿਦੇਸ਼ਾਂ ਦੀ ਉਡਾਰੀ ਭਰਨੀ ਹੁੰਦੀ ਹੈ। ਇਸੇ ਰੁਝਾਨ ਤੇ ਮੰਗ ਦੇ ਮੱਦੇਨਜ਼ਰ ਸਰਕਾਰ ਨੇ ਇਕ ਵਾਰ ਸਕੂਲਾਂ ’ਚ ਕੋਚਿੰਗ ਦੇਣ ਦਾ ਫੈਸਲਾ ਕੀਤਾ ਸੀ ਜੋ ਸਿਰੇ ਨਹੀਂ ਚੜ੍ਹਿਆ। ਹੁਣ ਕੁਝ ਕਾਲਜਾਂ ਨੇ ਪਹਿਲ ਕੀਤੀ ਹੈ ਅਤੇ ਇੰਗਲਿਸ਼ ਸਪੀਕਿੰਗ ਅਤੇ ਆਇਲਜ਼ ਕਰਵਾਉਣ ਲੱਗੇ ਹਨ। ਇਸ ਦਾ ਇਕ ਕਾਰਨ ਕਾਲਜਾਂ ’ਚ ਵਿਦਿਆਰਥੀਆਂ ਦੀ ਹਰ ਸਾਲ ਘੱਟ ਹੋ ਰਹੀ ਗਿਣਤੀ ਨੂੰ ਮੰਨਿਆ ਜਾ ਰਿਹਾ ਹੈ।
ਕਸਬਿਆਂ ਪਿੰਡਾਂ ’ਚ ਖੁੱਲ੍ਹੇ ਕਈ ਪੋਲੀਟੈਕਨਿਕ ਕਾਲਜ ਬੰਦ ਹੋਏ ਹਨ ਅਤੇ ਕਈ ਡਿਗਰੀ ਕਾਲਜਾਂ ’ਤੇ ਵੀ ਆਰਥਿਕ ਸੰਕਟ ਬਣਿਆ ਹੋਇਆ ਹੈ। ਇਥੋਂ ਨਜ਼ਦੀਕੀ ਪਿੰਡ ਸਿੱਧਵਾਂ ਖੁਦ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਵਿਦਿਅਕ ਸੰਸਥਾ ਬੀਐੱਡ ਕਾਲਜ ਨੇ ਆਇਲਜ਼ ਕੋਚਿੰਗ ਸੈਂਟਰ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਪ੍ਰਿੰਸੀਪਲ ਡਾ. ਅਮਨਦੀਪ ਕੌਰ ਅਨੁਸਾਰ ਪੜ੍ਹਾਈ ਲਈ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵਧ ਗਿਆ ਹੈ। ਵਿਦਿਆਰਥੀ ਬਾਰ੍ਹਵੀਂ ਜਮਾਤ ਤੋਂ ਬਾਅਦ ਆਇਲਜ਼ ਕਰਦੇ ਹਨ। ਪੇਂਡੂ ਵਿਦਿਆਰਥੀਆਂ ਨੂੰ ਆਇਲਜ਼ ਲਈ ਸ਼ਹਿਰਾਂ ’ਚ ਜਾਣਾ ਪੈਂਦਾ ਹੈ ਅਤੇ ਕਈ ਵਾਰ ਇਹ ਸੈਂਟਰ ਕਾਫੀ ਦੂਰ ਹੋਣ ਕਰਕੇ ਬੱਚਿਆਂ ਨੂੰ ਦਿੱਕਤਾਂ ਵੀ ਪੇਸ਼ ਆਉਂਦੀਆਂ ਹਨ।
ਇਸ ਦੇ ਮੱਦੇਨਜ਼ਰ ਕਾਲਜ ਨੇ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਸਪਾਰਕ ਆਇਲਜ਼ ਕੋਚਿੰਗ ਸੈਂਟਰ ਦੇ ਨਾਂ ਹੇਠ ਇਹ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਵਿਦਿਆਰਥੀਆਂ ਦੇ ਵਿਦੇਸ਼ਾਂ ਵੱਲੋਂ ਰੁਝਾਨ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਸਬੰਧੀ ਇਲਾਕੇ ਦੇ ਕੁਝ ਹੋਰ ਕਾਲਜ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇੰਗਲਿਸ਼ ਸਪੀਕਿੰਗ ਦੇ ਕੋਰਸ ਕਈ ਕਾਲਜਾਂ ’ਚ ਚੱਲਦੇ ਹਨ। ਪਰ ਆਇਲਜ਼ ਸੈਂਟਰ ਸਿੱਧਾ ਬਿਜ਼ਨਸ ਮਾਡਲ ਹੈ ਜਦਕਿ ਸਿੱਖਿਆ ਪ੍ਰਦਾਨ ਕਰਨਾ ਨਿਰਾ ਪੁਰਾ ਕਾਰੋਬਾਰ ਨਹੀਂ। ਇਸ ਲਈ ਯੂਨੀਵਰਸਿਟੀ ਦੀਆਂ ਗਾਈਡਲਾਈਨਜ਼ ਵੀ ਅਜਿਹੇ ਬਿਜ਼ਨਸ ਦੀ ਆਗਿਆ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਆਇਲਜ਼ ਕੇਂਦਰਾਂ ਨੇ ਕਾਲਜਾਂ ਨੂੰ ਤਬਾਹਈ ਵੱਲ ਧੱਕ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਮਾਲਪੁਰਾ ਦੇ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਇਜਾਜ਼ਤ ਦੇਵੇ ਤਾਂ ਉਹ ਵੀ ਆਪਣੇ ਕਾਲਜ ’ਚ ਆਇਲਜ਼ ਸੈਂਟਰ ਖੋਲ੍ਹਣ ਲਈ ਤਿਆਰ ਹਨ।