ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਫਰਵਰੀ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਆ ਰਹੀਆਂ ਚੋਣਾਂ ਸਬੰਧੀ ਅੱਜ ਡਾ. ਲਖਵਿੰਦਰ ਸਿੰਘ ਜੌਹਲ ਦੀ ਅਗਵਾਈ ਵਾਲੇ ਸਰਬ ਸਾਂਝੇ ਉਮੀਦਵਾਰਾਂ ਦਾ ਮਨੋਰਥ ਪੱਤਰ ਜਾਰੀ ਕੀਤਾ ਗਿਆ ਜਿਸ ਨੂੰ ਜਨਰਲ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਡਾ. ਗੁਰਇਕਬਾਲ ਸਿੰਘ ਨੇ ਜਾਰੀ ਕੀਤਾ। ਚੋਣ ਮਨੋਰਥ ਤਿਆਰ ਕਰਨ ਵਾਲੀ ਕਮੇਟੀ ਵਿੱਚ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਡਾ. ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨਗੀ ਲਈ ਉਮੀਦਵਾਰ ਡਾ. ਸ਼ਿੰਦਰਪਾਲ ਸਿੰਘ, ਜਨਰਲ ਸਕੱਤਰ ਲਈ ਡਾ. ਗੁਰਇਕਬਾਲ ਸਿੰਘ, ਮੀਤ ਪ੍ਰਧਾਨਗੀ ਲਈ ਡਾ. ਭਗਵੰਤ ਸਿੰਘ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਮਦਨ ਵੀਰਾ ਤੇ ਡਾ ਤੇ ਇਕਬਾਲ ਸਿੰਘ ਗੋਦਾਰਾ ਸ਼ਾਮਲ ਸਨ। ਡਾ. ਗੁਰਇਕਬਾਲ ਨੇ ਦੱਸਿਆ ਕਿ 3 ਮਾਰਚ ਨੂੰ ਸਾਲ 2024-26 ਲਈ ਹੋ ਰਹੀ ਚੋਣ ਲਈ ਇਸ ਮਨੋਰਥ ਪੱਤਰ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਸੰਵਿਧਾਨ ’ਚ ਸੋਧ ਲਈ ਵਿਸ਼ੇਸ਼ ਸੁਝਾਅ ਕਮੇਟੀ ਦੀ ਸਥਾਪਨਾ ਕੀਤੀ ਜਾਵੇਗੀ। ਵਿਦੇਸ਼ਾਂ ਵਿੱਚ ਰਹਿੰਦੇ ਸਰਪ੍ਰਸਤਾਂ ਤੇ ਮੈਂਬਰਾਂ ਨੂੰ ਅਕਾਦਮੀ ਦੇ ਪ੍ਰਬੰਧ ਵਿਚ ਸੁਚਾਰੂ ਹਿੱਸਾ ਲੈਣ ਲਈ ਭਵਿੱਖ ਮੁਖੀ ਨੇਮ ਬਣਾਏ ਜਾਣਗੇ। ਬਲਰਾਜ ਸਾਹਨੀ ਓਪਨ ਏਅਰ ਥੀਏਟਰ ਦੀ ਮੁਰੰਮਤ ਲਈ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਇਲਾਵਾ ਦਾਨੀਆਂ ਦੀ ਮਦਦ ਨਾਲ ਇਹ ਕਾਰਜ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਾਟਕ ਟੋਲੀਆਂ ਨੂੰ ਇਥੇ ਪੇਸ਼ਕਾਰੀ ਕਰਨ ਲਈ ਸੰਪਰਕ ਕੀਤਾ ਜਾਵੇਗਾ। ਪੰਜਾਬੀ ਭਵਨ ਦੀ ਇਮਾਰਤ ਦੀ ਦਿੱਖ ਨੂੰ ਰੰਗ-ਰੋਗਨ ਕਰਵਾ ਕੇ ਨਵਿਆਇਆ ਜਾਵੇਗਾ। ਪੰਜਾਬੀ ਭਵਨ ਰੈਫਰੈਂਸ ਲਾਇਬਰੇਰੀ ਦੀਆਂ ਕਿਤਾਬਾਂ ਨੂੰ ਵੈੱਬਸਾਈਟ ਉੱਤੇ ਪਾਉਣ ਦੇ ਯਤਨ ਆਰੰਭੇ ਜਾਣਗੇ ਅਤੇ ਗੂਗਲ ਵੱਲੋਂ ਡਿਜੀਟਲ ਡਾਟਾ ਦਾ ਬਹਾਨਾ ਬਣਾ ਕੇ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦੂਰ ਕਰਨ ਲਈ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰੀ ਅਦਾਰਿਆਂ ਨਾਲ ਮਿਲ ਕੇ ਯੂਨੀਕੋਡ ਫੌਂਟ ਵਿਚ ਡਾਟਾ ਉਪਲੱਬਧ ਕਰਵਾਉਣ ਲਈ ਯਤਨ ਕੀਤੇ ਜਾਣਗੇ। ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇੱਥੇ ਖੋਜ ਕੇਂਦਰ ਵੀ ਵਿਕਸਿਤ ਕੀਤਾ ਜਾਵੇਗਾ। ਪੰਜਾਬ ਲਾਇਬਰੇਰੀ ਐਕਟ ਬਣਾਉਣ ਲਈ ਅਕਾਡਮੀ ਵੱਲੋਂ 2010 ਵਿੱਚ ਆਰੰਭੇ ਕਾਰਜ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ।