ਡੀਪੀਐੱਸ ਬੱਤਰਾ
ਸਮਰਾਲਾ, 25 ਨਵੰਬਰ
ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਮਾਸਿਕ ਮੀਟਿੰਗ ਦੌਰਾਨ ਨਾਵਲਕਾਰ ਜਸਬੀਰ ਮੰਡ ਨਾਲ ਰੂ-ਬ-ਰੂ ਕਰਵਾਇਆ ਗਿਆ। ਸਮਾਗਮ ਵਿੱਚ ਡਾ. ਪਰਮਵੀਰ ਸਿੰਘ ਹੈੱਡ ਇੰਨਸੈਕਲੋਪੀਡੀਆ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ, ਪ੍ਰਧਾਨ ਨਰਿੰਦਰ ਸ਼ਰਮਾ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਸਿਮਰਜੀਤ ਸਿੰਘ ਕੰਗ ਅਤੇ ਤੇਲੂ ਰਾਮ ਕੁਹਾੜਾ ਸ਼ਾਮਲ ਹੋਏ। ਕਹਾਣੀਕਾਰ ਸੁਖਜੀਤ ਨੇ ਨਾਵਲਕਾਰ ਜਸਬੀਰ ਮੰਡ ਦੇ ਜੀਵਨ ਬਾਰੇ ਅਤੇ ਨਾਵਲਾਂ ਬਾਰੇ ਚਾਨਣਾ ਪਾਇਆ। ਇਸ ਉਪਰੰਤ ਨਾਵਲਕਾਰ ਜਸਵੀਰ ਮੰਡ ਨੇ ਆਪਣੇ ਜੀਵਨ ਦਾ ਸੰਘਰਸ਼, ਜਪਾਨ ’ਚ ਰਹਿੰਦੇ ਹੁੰਦਿਆਂ ਦੀਆਂ ਸਾਰੀਆਂ ਯਾਦਾਂ ਬਾਰੇ ਦੱਸਿਆ। ਇਸ ਮੌਕੇ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ, ਲਿਖਾਰੀ ਸਭਾ ਰਾਮਪੁਰ ਦੇ ਜਨਰਲ ਸਕੱਤਰ ਹਰਬੰਸ ਮਾਲਵਾ, ਬਲਵੀਰ ਸਿੰਘ ਬੱਬੂ, ਕਸ਼ਮੀਰ ਸਿੰਘ ਕਸ਼ਮੀਰ ਆਦਿ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਮਗਰੋਂ ਵਿਛੜ ਚੁੱਕੇ ਸਾਹਿਤਕਾਰ ਜਿਨ੍ਹਾਂ ਵਿੱਚ ਗੀਤਕਾਰ ਸੁਖਮਿੰਦਰ ਰਾਮਪੁਰੀ, ਲੋਕ ਗਾਇਕਾ ਗੁਰਮੀਤ ਬਾਵਾ, ਕੁਲਵੰਤ ਸਿੰਘ ਸੂਰੀ, ਪ੍ਰਿੰਸੀਪਲ ਜਗਦੀਸ਼ ਘਈ, ਹਰਮਿੰਦਰ ਕੌਰ ਬੁੱਟਰ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ।
ਸਾਹਿਤਕ ਸਮਾਗਮ ਪਹਿਲੀ ਨੂੰ
ਸਮਰਾਲਾ (ਪੱਤਰ ਪ੍ਰੇਰਕ): ਪੰਜਾਬੀ ਸਾਹਿਤ ਦੇ ਉੱਘੇ, ਚਰਚਿਤ ਅਤੇ ਸਨਮਾਨਤ ਹਸਤਾਖਰ ਸਵ. ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ਾਲ ਸਾਹਿਤਕ ਸਮਾਗਮ 1 ਦਸੰਬਰ ਨੂੰ ਸਵੇਰੇ 10 ਵਜੇ ਸੰਘੂ ਬੈਂਕੁਇਟ ਹਾਲ, ਵਿੱਚ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਹ ਸਮਾਗਮ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਸਮਰਾਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ, ਲੇਖਕ ਮੰਚ (ਰਜਿ.) ਸਮਰਾਲਾ ਅਤੇ ਹੋਰ ਪੰਜਾਬੀ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਸੰਪਾਦਿਤ ਪੁਸਤਕ ‘ਸਾਹਿਤ ਰਿਸ਼ੀ ਪ੍ਰੋਫ਼ੈਸਰ ਹਮਦਰਦਵੀਰ ਨੌਸ਼ਹਿਰਵੀ’ ਲੋਕ ਅਰਪਣ ਕੀਤੀ ਜਾਵੇਗੀ।