ਸਤਵਿੰਦਰ ਬਸਰਾ
ਲੁਧਿਆਣਾ, 17 ਨਵੰਬਰ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਲਾਏ ਗਏ ਚਾਰ ਰੋਜ਼ਾ ਪੁਸਤਕ ਮੇਲੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਅਕਾਦਮੀ ਵੱਲੋਂ ਪਹਿਲੀ ਵਾਰ ਕਰਵਾਏ ਗਏ ਇਸ ਉਪਰਾਲੇ ਦੀ ਲੇਖਕਾਂ ਵੱਲੋਂ ਸ਼ਲਾਘਾ ਕੀਤੀ ਗਈ। ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹੇ ਮੇਲੇ ਹਰ ਸਾਲ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਪਾਠਕਾਂ ਨੂੰ ਚੰਗੀਆਂ ਕਿਤਾਬਾਂ ਦੇਖਣ ਅਤੇ ਪੜ੍ਹਨ ਦਾ ਮੌਕਾ ਮਿਲੇ।
ਪੁਸਤਕ ਮੇਲੇ ਦੇ ਅੱਜ ਆਖਰੀ ਦਿਨ ਪਹਿਲੇ ਤਿੰਨ ਦਿਨਾਂ ਦੇ ਮੁਕਾਬਲੇ ਕਿਤਾਬਾਂ ਖਰੀਦਣ ਵਾਲਿਆਂ ਦੀ ਗਿਣਤੀ ਵੱਧ ਰਹੀ। ਕਈ ਪ੍ਰਕਾਸ਼ਕਾਂ ਦਾ ਕਹਿਣਾ ਹੈ ਕਿ ਅਕਾਦਮੀ ਵੱਲੋਂ ਅਜਿਹਾ ਮੇਲਾ ਪਹਿਲੀ ਵਾਰ ਕਰਵਾਇਆ ਗਿਆ ਹੈ ਜਿਸ ਕਰਕੇ ਕਿਤਾਬਾਂ ਖਰੀਦਣ ਵਾਲਿਆਂ ਦੀ ਗਿਣਤੀ ਆਸ ਤੋਂ ਕੁੱਝ ਘੱਟ ਰਹੀ ਹੈ ਪਰ ਪਾਠਕਾਂ ਵਿੱਚ ਕਿਤਾਬਾਂ ਦੇਖਣ ਦੀ ਰੁਚੀ ਘੱਟ ਨਹੀਂ ਸੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਗਲੇ ਸਾਲ ਅਜਿਹਾ ਪੁਸਤਕ ਮੇਲਾ ਹੋਰ ਬੁਲੰਦੀਆਂ ਨੂੰ ਛੂਹੇਗਾ। ਇਸ ਪੁਸਤਕ ਮੇਲੇ ਵਿੱਚ ਲੁਧਿਆਣਾ ਤੋਂ ਇਲਾਵਾ ਹੋਰ ਜ਼ਿਲਿ੍ਹਆਂ ਅਤੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਪ੍ਰਕਾਸ਼ਕਾਂ ਨੇ ਆਪਣੇ ਸਟਾਲ ਲਾਏ। ਇਨ੍ਹਾਂ ਵਿੱਚ ਅਕਾਦਮੀ ਦੇ ਪੁਸਤਕ ਵਿਕਰੀ ਕੇਂਦਰਾਂ ਤੋਂ ਇਲਾਵਾ, ਬੇਗਮਪੁਰਾ ਬੁੱਕ ਸ਼ਾਪ, ਪੀਪਲ ਫ਼ੋਰਮ ਬਰਗਾੜੀ, ਸਹਿਤਯਾ ਸ਼ਿਲਾ ਪ੍ਰਕਾਸ਼ਨ ਦਿੱਲੀ, ਵਰਮਾ ਬੁੱਕ ਕੰਪਨੀ ਗਾਜ਼ੀਆਬਾਦ, ਆਧਾਰ ਪਬਲੀਕੇਸ਼ਨ ਪੰਚਕੂਲਾ, ਗਾਰਗੀ ਪ੍ਰਕਾਸ਼ਨ ਦਿੱਲੀ, ਅਹਿਮਦੀਆ ਮੁਸਲਿਮ ਜਮਾਤ ਕਾਦੀਆ, ਨਵਰੰਗ ਸਮਾਣਾ, ਦੀਪਕ ਪਬਲਿਸ਼ਰਜ਼ ਜਲੰਧਰ, ਸਪਤਰਿਸ਼ੀ ਚੰਡੀਗੜ੍ਹ, ਠੇਕਾ ਕਿਤਾਬ ਫਰੀਦਕੋਟ, ਦਿਲਦੀਪ ਪ੍ਰਕਾਸ਼ਨ ਸਮਰਾਲਾ, ਚਿੰਤਨ ਪ੍ਰਕਾਸ਼ਨ ਲੁਧਿਆਣਾ, ਪਬਲੀਕੇਸ਼ਨ ਬਿਊਰੋ ਪਟਿਆਲਾ, ਕੈਲੀਬਰ ਪਬਲੀਕੇਸ਼ਨ ਪਟਿਆਲ਼ਾ, ਕੈਫੇ ਵਰਲਡ ਬਠਿੰਡਾ, ਮਿਸਟਰ ਸਿੰਘ ਤਲਵੰਡੀ ਸਾਬੋ, ਅਪਸਰਾ ਤਲਵੰਡੀ ਸਾਬੋ, ਕਿਤਾਬ ਹੱਟ ਮੂਸਾ ਤੋਂ ਇਲਾਵਾ ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਅਚਾਰ ਮੁਰੱਬਿਆਂ, ਸ਼ਹਿਦ, ਤੇਲ ਦੇ ਸਟਾਲ ਵੀ ਖਿੱਚ ਦਾ ਕੇਂਦਰ ਰਹੇ।