ਪੱਤਰ ਪ੍ਰੇਰਕ
ਮਾਛੀਵਾੜਾ, 8 ਨਵੰਬਰ
ਸਥਾਨਕ ਅਨਾਜ ਮੰਡੀ ਵਿਚ ਸਾਰੇ ਸ਼ੈਲਰਾਂ ਦੀ ਅਲਾਟਮੈਂਟ ਤੋਂ ਬਾਅਦ ਖਰੀਦ ਪ੍ਰਬੰਧ ਕੁੱਝ ਸੁਚਾਰੂ ਢੰਗ ਨਾਲ ਚੱਲਦੇ ਦਿਖਾਈ ਦੇ ਰਹੇ ਹਨ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ, ਵੇਅਰ ਹਾਊਸ ਤੇ ਮਾਰਕਫੈੱਡ ਵਲੋਂ ਹੁਣ ਤੱਕ ਮਾਛੀਵਾੜਾ ਮੰਡੀ, ਉਪ ਖਰੀਦ ਕੇਂਦਰ ਲੱਖੋਵਾਲ, ਬੁਰਜ ਪਵਾਤ, ਹੇਡੋਂ ਬੇਟ ਅਤੇ ਸ਼ੇਰਪੁਰ ਬੇਟ ਵਿਚ 10 ਲੱਖ 8 ਹਜ਼ਾਰ ਕੁਇੰਟਲ ਝੋਨਾ ਖਰੀਦਿਆ ਜਾ ਚੁੱਕਾ ਹੈ। ਇਸ ਖਰੀਦੇ ਗਏ ਝੋਨੇ ’ਚੋਂ ਕਰੀਬ 6 ਲੱਖ ਕੁਇੰਟਲ ਝੋਨੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਦੀ ਜੋ ਅਦਾਇਗੀ ਲਟਕੀ ਹੋਈ ਸੀ ਉਹ ਵੀ ਅੱਜ ਉਨ੍ਹਾਂ ਦੇ ਖਾਤਿਆਂ ਵਿਚ ਪੈਣੀ ਸ਼ੁਰੂ ਹੋ ਗਈ ਹੈ।
ਮਾਛੀਵਾੜਾ ਮੰਡੀ ਵਿਚ ਕਰੀਬ 14 ਲੱਖ ਕੁਇੰਟਲ ਝੋਨੇ ਦੀ ਆਮਦ ਆਉਣ ਦੀ ਸੰਭਾਵਨਾ ਹੈ ਜਿਸ ’ਚੋਂ 10 ਲੱਖ ਕੁਇੰਟਲ ਆ ਚੁੱਕਾ ਹੈ ਜਦਕਿ ਬਾਕੀ 4 ਲੱਖ ਕੁਇੰਟਲ ਬਾਕੀ ਹੈ। ਇਸ ਵਾਰ ਝੋਨੇ ਦੀ ਖਰੀਦ ਦਾ ਕੰਮ ਆੜ੍ਹਤੀਆਂ ਤੇ ਕਿਸਾਨਾਂ ਲਈ ਮੁਸ਼ਕਿਲਾਂ ਭਰਿਆ ਰਿਹਾ ਹੈ ਕਿਉਂਕਿ ਸ਼ੈਲਰਾਂ ਵਲੋਂ ਅਲਾਟਮੈਂਟ ਨਹੀਂ ਕਰਵਾਈ ਗਈ ਸੀ ਪਰ ਹੁਣ ਮਾਛੀਵਾੜਾ ਦੇ ਕੁੱਲ 32 ਸ਼ੈਲਰਾਂ ਵਲੋਂ ਆਪਣੀ ਅਲਾਟਮੈਂਟ ਪ੍ਰਕਿਰਿਆ ਮੁਕੰਮਲ ਕਰ ਲਈ ਹੈ ਅਤੇ ਝੋਨਾ ਵੀ ਚੁੱਕਣਾ ਸ਼ੁਰੂ ਕਰ ਦਿੱਤਾ ਹੈ।