ਸਤਵਿੰਦਰ ਬਸਰਾ
ਲੁਧਿਆਣਾ, 16 ਸਤੰਬਰ
ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਪੁਰੀ ਪਰਿਵਾਰ ਹੌਲੀ-ਹੌਲੀ ਆਪਣਾ ਖਜ਼ਾਨਾ ਵੇਚਣ ਲਈ ਮਜਬੂਰ ਹੋ ਰਿਹਾ ਹੈ। ਪਿਤਾ ਦੇ ਇਲਾਜ ਲਈ ਪੁੱਤ ਸੰਜੀਵ ਪੁਰੀ ਨੂੰ 26,000 ਤੋਂ ਵੱਧ ਪੁਰਾਣੇ ਰਿਕਾਰਡਾਂ ਦੇ ਖਜ਼ਾਨੇ ’ਚੋਂ 20,000 ਰਿਕਾਰਡ ਵੇਚਣੇ ਪੈ ਗਏ ਹਨ। ਹੋਰਾਂ ਨੂੰ ਸੱਭਿਆਚਾਰ ਨਾਲ ਜੋੜੀ ਰੱਖਣ ਦਾ ਇੱਛੁਕ ਇਹ ਨੌਜਵਾਨ ਅੱਜ-ਕੱਲ੍ਹ ਇਕੱਲੇਪਨ ਦਾ ਸ਼ਿਕਾਰ ਹੋਇਆ ਮਹਿਸੂਸ ਕਰ ਰਿਹਾ ਹੈ। ਸੰਜੀਵ ਨੇ ਦੱਸਿਆ ਕਿ ਉਸ ਦੇ ਦਾਦਾ ਰੌਣਕੀ ਰਾਮ 1945 ਵਿੱਚ ਲਾਹੌਰ ਤੋਂ ਇੱਕ ਗ੍ਰਾਮੋ ਫੋਨ ਲੈ ਕਿ ਆਏ ਸਨ। ਉਸ ਤੋਂ ਬਾਅਦ ਪਿਤਾ ਭਗਵੰਤ ਕਿਸ਼ੌਰ ਪੁਰੀ ਨੇ ਸਾਊਂਡ ਦੀ ਦੁਕਾਨ ਖੋਲ੍ਹੀ। ਉਨ੍ਹਾਂ ਦੇ ਪਰਿਵਾਰ ਨੇ ਕਿਲ੍ਹਾ ਰਾਏਪੁਰ ਵਿੱਚ 1970 ਦੌਰਾਨ ਇੱਕ ਸਿਨੇਮਾ ‘ਪੁਰੀ ਟੂਰ ਐਂਡ ਟਾਕੀ’ ਖੋਲ੍ਹਿਆ ਸੀ ਅਤੇ ਇਸ ਦਾ ਉਦਘਾਟਨ ਉੱਘੇ ਅਦਾਕਾਰ ਰਾਜ ਕੁਮਾਰ ਨੇ ਕੀਤਾ ਸੀ। ਸੰਜੀਵ ਪੁਰੀ ਨੇ ਦੱਸਿਆ ਕਿ ਪ੍ਰਸਿੱਧ ਅਦਾਕਾਰ ਮਰਹੂਮ ਓਮ ਪੂਰੀ ਵੀ ਉਸ ਦੇ ਦਾਦਾ ਨਾਲ ਪਾਕਿਸਤਾਨ ਤੋਂ ਭਾਰਤ ਆਏ ਹੋਣ ਕਰਕੇ ਉਹ ਉਨ੍ਹਾਂ ਨੂੰ ਚਾਚਾ ਜੀ ਬੁਲਾਉਂਦੇ ਸਨ। ਕੋਵਿਡ ਦੌਰਾਨ ਉਸ ਦੇ ਪਿਤਾ ਦੀਆਂ ਦਿਲ ਦੀਆਂ ਨਾੜਾਂ ਬਲਾਕ ਹੋ ਗਈਆਂ, ਜਿਸ ਦੇ ਇਲਾਜ ਲਈ ਉਸ ਨੇ ਹੌਲੀ ਹੌਲੀ ਆਪਣਾ ਰਿਕਾਰਡਾਂ ਦਾ ਖਜ਼ਾਨਾ ਵੇਚਣਾ ਸ਼ੁਰੂ ਕਰ ਦਿੱਤਾ ਸੀ। ਉਸ ਕੋਲ 26 ਹਜ਼ਾਰ ਪੁਰਾਣੇ ਰਿਕਾਰਡ, 60 ਗ੍ਰਾਮੋ ਫੋਨ, 15 ਰੇਡੀਓ ਅਤੇ ਹੋਰ ਬਹੁਤ ਸਾਰਾ ਸਾਮਾਨ ਸੀ, ਜਿਨ੍ਹਾਂ ’ਚੋਂ ਹੁਣ 6 ਹਜ਼ਾਰ ਦੇ ਕਰੀਬ ਰਿਕਾਰਡ, ਢਾਈ ਹਜ਼ਾਰ ਆਡੀਓ ਕੈਸਟਾਂ, 40 ਗ੍ਰਾਮੋ ਫੋਨ ਬਾਕੀ ਰਹਿ ਗਏ ਹਨ। ਸੰਜੀਵ ਨੇ ਦੱਸਿਆ ਕਿ ਮਾਂ ਦੀ ਮੌਤ ਤੋਂ ਬਾਅਦ ਉਸ ਦਾ 12 ਕੁ ਸਾਲ ਦਾ ਲੜਕਾ ਅਤੇ ਦੋ ਕੁ ਮਹੀਨੇ ਪਹਿਲਾਂ ਪਿਤਾ ਇਸ ਦੁਨੀਆਂ ਤੋਂ ਚਲੇ ਗਏ। ਪਤਨੀ ਆਪਣੇ ਮਾਪਿਆਂ ਕੋਲ ਜਾ ਕਿ ਰਹਿਣ ਲੱਗ ਗਈ। ਹੁਣ ਘਰ ਦੇ ਵਿੱਚ ਰੱਖਿਆ ਪੁਰਾਣੇ ਰਿਕਾਰਡ ਅਤੇ ਹੋਰ ਸਮਾਨ ਦਾ ਖਜ਼ਾਨਾਂ ਵੀ ਉਸ ਨੂੰ ਇਕੱਲੇਪਨ ਵਿੱਚੋਂ ਕੱਢਣ ਤੋਂ ਅਸਮਰੱਥ ਲੱਗ ਰਿਹਾ ਹੈ।
ਕੈਪਸ਼ਨ: ਪੰਜਾਬ ਦੇ ਸੰਭਾਲੇ ਅਮੀਰ ਖਜ਼ਾਨੇ ਨਾਲ ਸੰਜੀਵ ਸਰਾਭੇ ਵਾਲਾ।