ਪੱਤਰ ਪੇ੍ਰਰਕ
ਮਾਛੀਵਾੜਾ, 26 ਨਵੰਬਰ
ਸਥਾਨਕ ਜੇਐੱਸ ਨਗਰ ਵਿੱਚ ਨਗਰ ਕੌਂਸਲ ਦੀ ਪਈ 2 ਏਕੜ ਜ਼ਮੀਨ ਦੇ ਕੁਝ ਭਾਗ ਵਿਚ ਨਵੇਂ ਪਾਰਕ ਦਾ ਨਿਰਮਾਣ ਸ਼ੁਰੂ ਕਰਵਾਇਆ ਹੈ ਪਰ ਇਸ ਵਿਚ ਵਰਤੇ ਜਾਣ ਵਾਲੇ ਮੈਟੀਰੀਅਲ ਦੀ ਗੁਣਵੱਤਾ ’ਤੇ ਇਸ ਨਗਰ ਦੇ ਨਿਵਾਸੀਆਂ ਨੇ ਸਵਾਲ ਉਠਾਏ ਹਨ। ਹੈਪੀ ਕੁੰਦਰਾ, ਹਰਜੀਤ ਸਿੰਘ ਗਰੇਵਾਲ, ਗਗਨਦੀਪ ਖੁਰਾਣਾ, ਲਵਲੀ ਸਰੀਨ, ਜੇਈ ਨਿਰਮਲ ਸਿੰਘ, ਪਵਨ ਕੁਮਾਰ, ਨੰਦ ਕਿਸ਼ੋਰ, ਵਿਨੀਤ ਕੌਸ਼ਲ, ਦਵਿੰਦਰ ਬਾਜਵਾ ਨੇ ਦੱਸਿਆ ਕਿ ਜਿਸ ਦਿਨ ਕੰਮ ਆਰੰਭ ਹੋਇਆ ਉਸ ਦਿਨ ਹੀ ਵਾਰਡ ਦੇ ਕੌਂਸਲਰ ਗੁਰਮੀਤ ਸਿੰਘ ਕਾਹਲੋਂ ਅਤੇ ਜੇਐੱਸ ਨਗਰ ਦੇ ਵਾਸੀਆਂ ਨੇ ਠੇਕੇਦਾਰ ਨੂੰ ਰੋਕ ਦਿੱਤਾ ਸੀ ਕਿ ਇਹ ਘਟੀਆ ਕੁਆਲਿਟੀ ਵਾਲੀ ਇੱਟ ਵਾਪਸ ਕਰ ਇੱਥੇ ਨਵੀਂ ਉੱਚ ਗੁਣਵੱਤਾ ਵਾਲੀ ਇੱਟ ਲਿਆ ਕੇ ਹੀ ਇਸ ਦਾ ਨਿਰਮਾਣ ਸ਼ੁਰੂ ਕੀਤਾ ਜਾਵੇ। ਇਸ ਦੇ ਬਾਵਜੂਦ ਨਿਰਮਾਣ ਸ਼ੁਰੂ ਕਰ ਦਿੱਤਾ। ਅੱਜ ਲੋਕਾਂ ਨੇ ਦੇ ਵਿਰੋਧ ਕਾਰਨ ਮੌਕੇ ’ਤੇ ਹੀ ਨਗਰ ਕੌਂਸਲ ਦੇ ਅਧਿਕਾਰੀ ਪੁੱਜੇ ਅਤੇ ਠੇਕੇਦਾਰ ਦਾ ਕੰਮ ਰੁਕਵਾ ਦਿੱਤਾ। ਕਾਰਜਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਜੇਐੱਸ ਨਗਰ ਦੇ ਵਾਸੀਆਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਰਕ ਵਿਚ ਵਧੀਆ ਮੈਟੀਰੀਅਲ ਦੀ ਵਰਤੋ ਯਕੀਨੀ ਬਣਾਈ ਜਾਵੇਗੀ।