ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਅਕਤੂਬਰ
ਨੈਸ਼ਨਲ ਹਾਈਵੇਅ ’ਤੇ ਟਿੱਬਾ ਰੋਡ ਤੇ ਤਾਜਪੁਰ ਰੋਡ ਉੱਤੇ ਲੱਗਦੇ ਜਾਮ ਤੋਂ ਪਰੇਸ਼ਾਨ ਹੁੰਦੇ ਲੋਕਾਂ ਨੂੰ ਹੁਣ ਆਉਣ ਵਾਲੇ ਦਿਨਾਂ ਵਿੱਚ ਰਾਹਤ ਮਿਲੇਗੀ। ਇਨ੍ਹਾਂ ਦੋਵਾਂ ਥਾਵਾਂ ’ਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵੱਲੋਂ ਫਲਾਈਓਵਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦਾ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਵਿਕਾਸ ਕਾਰਜ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਇੱਕ ਮਹੀਨੇ ਵਿੱਚ ਇਹ ਦੋਵੇਂ ਹੀ ਫਲਾਈਓਵਰ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਤੇ ਇਹ ਆਮ ਲੋਕਾਂ ਦੇ ਲਈ ਖੋਲ੍ਹ ਦਿੱਤੇ ਜਾਣਗੇ। ਵਿਧਾਇਕ ਭੋਲਾ ਨੇ ਐਨਐਚਏਆਈ ਤੋਂ ਏਐਸਸੀ ਪੰਜਾਬ ਪੁਲਕਤ ਮਾਕਨ ਅਤੇ ਪ੍ਰਾਜੈਕਟ ਮੈਨੇਜਰ ਸਰਵੇਸ਼ ਗਰਗ ਦੇ ਨਾਲ ਮੌਕੇ ’ਤੇ ਫਲਾਈਓਵਰ ਦੀ ਉਸਾਰੀ ਦਾ ਜਾਇਜ਼ਾ ਲਿਆ। ਵਿਧਾਇਕ ਭੋਲਾ ਗਰੇਵਾਲ ਨੇ ਕਿਹਾ ਇਸ ਪੁਲ ਦੇ ਨਿਰਮਾਣ ਲਈ ਉਹ ਸਾਲ 2011 ਤੋਂ ਲਗਾਤਾਰ ਯਤਨਸ਼ੀਲ ਸਨ ਅਤੇ ਹੁਣ ਹਲਕਾ ਪੂਰਬੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਬੂਰ ਪੈਣ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ 15 ਨਵੰਬਰ ਤੱਕ ਇਹ ਫਲਾਈਓਵਰ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗਾ ਅਤੇ ਹਲਕੇ ਦੇ ਵਸਨੀਕਾਂ ਦੀ ਆਵਾਜਾਈ ਲਈ ਸਮਰਪਿਤ ਕਰ ਦਿੱਤਾ ਜਾਵੇਗਾ। ਵਿਧਾਇਕ ਦਲਜੀਤ ਸਿੰਘ ਭੋਲਾ ਨੇ ਦੱਸਿਆ ਕਿ ਇਸ ਫਲਾਈ ਓਵਰ ਪ੍ਰੋਜੈਕਟ ਵਿੱਚ ਤਾਜਪੁਰ ਰੋਡ ਅਤੇ ਟਿੱਬਾ ਰੋਡ ਵੱਲ ਜਾਣ ਲਈ 30-30 ਮੀਟਰ ਦੇ ਪੰਜ ਸਪੈਨ ਬਣਾਏ ਜਾ ਰਹੇ ਹਨ ਅਤੇ ਨੈਸ਼ਨਲ ਹਾਈਵੇ ਰੋਡ ਦੇ ਦੋਵੇਂ ਪਾਸੇ ਸਰਵਿਸ ਰੋਡ ਦੀ ਚੌੜਾਈ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਇਸ ਫਲਾਈ ਓਵਰ ਦੀ ਲੰਬਾਈ ਲਗਪਗ 500 ਮੀਟਰ ਹੋਵੇਗੀ ਅਤੇ ਫਲਾਈ ਓਵਰ ਦੇ ਦੋਵੇਂ ਪਾਸੇ ਨਵੀਂ ਡਰੇਨ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਵਿਧਾਇਕ ਭੋਲਾ ਨੇ ਦੱਸਿਆ ਕਿ 15 ਨਵੰਬਰ ਮਗਰੋਂ ਇਸ ਪੁਲ ਦੇ ਸ਼ੁਰੂ ਹੋਣ ਨਾਲ ਜਿੱਥੇ ਹਲਕੇ ਦੇ ਲੋਕਾਂ ਲਈ ਆਵਾਜਾਈ ਸੁਖਾਵੀਂ ਹੋ ਜਾਵੇਗੀ, ਉੱਥੇ ਹੀ ਲੰਬੇ ਟਰੈਫਿਕ ਜਾਮ ਤੋਂ ਵੀ ਨਿਜਾਤ ਮਿਲੇਗੀ।