ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦਾ ਇਲਾਕੇ ’ਚ ਸ਼ੁਰੂ ਤੋਂ ਚੰਗਾ ਪ੍ਰਭਾਵ ਰਿਹਾ ਹੈ। ਇਸ ਪ੍ਰਮੁੱਖ ਜਥੇਬੰਦੀਆਂ ਦੇ ਮਨਜੀਤ ਸਿੰਘ ਧਨੇਰ ਅਤੇ ਬੂਟਾ ਸਿੰਘ ਬੁਰਜਗਿੱਲ ਧੜਿਆਂ ’ਚ ਵੰਡੇ ਜਾਣ ਮਗਰੋਂ ਇਲਾਕੇ ’ਚ ਦੋਵੇਂ ਜਥੇਬੰਦੀਆਂ ਤੇਜ਼ੀ ਨਾਲ ਇਕਾਈਆਂ ਬਣਾ ਰਹੀਆਂ ਹਨ। ਪਿਛਲੇ ਦਸ ਪੰਦਰਾਂ ਦਿਨਾਂ ਅੰਦਰ ਹੀ ਦੋਵੇਂ ਧੜਿਆਂ ਨੇ ਵੱਖ-ਵੱਖ ਪਿੰਡ ਇਕਾਈਆਂ ਕਾਇਮ ਕਰ ਕੇ ਨਵੇਂ ਪ੍ਰਧਾਨ, ਹੋਰ ਅਹੁਦੇਦਾਰ ਤੇ ਕਾਰਜਕਾਰੀ ਕਮੇਟੀਆਂ ਚੁਣੀਆਂ ਹਨ। ਪਿੰਡ ਲੱਖਾ ’ਚ ਤਾਂ ਦਿਲਚਸਪ ਮਾਮਲਾ ਸਾਹਮਣੇ ਆਇਆ ਜਦੋਂ ਦੋਵੇਂ ਜਥੇਬੰਦੀਆਂ ਨੇ ਇਕੋ ਦਿਨ ਵੱਖ-ਵੱਖ ਇਕਾਈਆਂ ਬਣਾਈਆਂ। ਇੰਨਾ ਹੀ ਨਹੀਂ ਦੋਵੇਂ ਪਾਸੇ ਪਿੰਡ ਲੱਖਾ ’ਚ ਟੁੱਟੀਆਂ ਸੜਕਾਂ ਦੇ 38 ਦਿਨ ਤੱਕ ਚੱਲੇ ਸੰਘਰਸ਼ ਲੜਨ ’ਚ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਦਾ ਸਨਮਾਨ ਕੀਤਾ ਗਿਆ। ਅੱਜ ਵੀ ਇਨ੍ਹਾਂ ਦੋਹਾਂ ਨੇ ਇਲਾਕੇ ਦੇ ਦੋ ਵੱਖ-ਵੱਖ ਪਿੰਡਾਂ ’ਚ ਇਕਾਈਆਂ ਦਾ ਗਠਨ ਕਰ ਕੇ ਪ੍ਰਧਾਨ ਤੇ ਹੋਰ ਅਹੁਦੇਦਾਰ ਚੁਣੇ। ਕਿਸੇ ਸਮੇਂ ਮਹਿੰਦਰ ਸਿੰਘ ਕਮਾਲਪੁਰਾ ਅਤੇ ਜਗਤਾਰ ਸਿੰਘ ਦੇਹੜਕਾ ਕਿਸਾਨ ਸੰਘਰਸ਼ ਇਕੱਠੇ ਲੜ ਰਹੇ ਸਨ ਜਦਕਿ ਹੁਣ ਦੋਵੇਂ ਜ਼ਿਲ੍ਹਾ ਪ੍ਰਧਾਨ ਬਣਕੇ ਇਕ ਦੂਜੇ ਨਾਲ ‘ਲੜਨ’ ਵਾਂਗ ਹੀ ਵਿਚਰ ਰਹੇ ਹਨ। ਧਨੇਰ ਧੜੇ ਦਾ ਡੈਲੀਗੇਟ ਇਜਲਾਸ ਅੱਜ ਇਤਿਹਾਸਕ ਗੁਰੂਦੁਆਰਾ ਬਾਉਲੀ ਸਾਹਿਬ ਪਿੰਡ ਸੋਢੀਵਾਲ ਵਿੱਚ ਹੋਇਆ। ਇਸ ’ਚ ਜ਼ਿਲ੍ਹਾ ਪ੍ਰਧਾਨ ਦੇਹੜਕਾ ਤੋਂ ਇਲਾਵਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਭਰੋਵਾਲ ਤੇ ਹੋਰ ਕਿਸਾਨ ਆਗੂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਰਾਏਕੋਟ ਤਹਿਸੀਲ ਨੂੰ ਲੁਧਿਆਣਾ ਜ਼ਿਲ੍ਹੇ ਨਾਲੋਂ ਤੋੜ ਕੇ ਨਵਾਂ ਜ਼ਿਲ੍ਹਾ ਮਾਲੇਰਕੋਟਲਾ ਨਾਲ ਜੋੜਨ ਖ਼ਿਲਾਫ਼ ਮਤਾ ਪਾਸ ਕਰ ਕੇ ਸਰਕਾਰ ਤੋਂ ਇਹ ਅਮਲ ਰੋਕਣ ਦੀ ਮੰਗ ਕੀਤੀ ਗਈ। ਨਿਊਜ਼ ਕਲਿੱਕ ਦੇ ਤੀਹ ਦੇ ਕਰੀਬ ਪੱਤਰਕਾਰਾਂ ਨੂੰ ਦੇਸ਼ਧਰੋਹ ਦੇ ਕਾਲੇ ਕਾਨੂੰਨ ਤਹਿਤ ਗ੍ਰਿਫ਼ਤਾਰ ਕਰਨ ਦੀ ਨਿੰਦਾ ਦਾ ਮਤਾ ਪਾਸ ਕੀਤਾ ਗਿਆ। ਸਤਲੁਜ ਯਮੁਨਕਾ ਲਿੰਕ ਨਹਿਰ ਦੇ ਉਛਾਲੇ ਜਾ ਰਹੇ ਮਸਲੇ ਲਈ ਵੀ ਕੇਂਦਰ ਤੇ ਸੂਬਾ ਸਰਕਾਰ ਦੀ ਨਿਖੇਧੀ ਕੀਤੀ ਗਈ। ਬਲਾਕ ਕਮੇਟੀ ਸਿੱਧਵਾਂ ਬੇਟ ਦੀ ਚੋਣ ’ਚ ਜਗਜੀਤ ਸਿੰਘ ਕਲੇਰ ਪ੍ਰਧਾਨ ਚੁਣੇ ਗਏ। ਦੂਜੇ ਪਾਸੇ ਬੁਰਜਗਿੱਲ ਧੜੀ ਦੀ ਮਲਕ ਇਕਾਈ ਦੀ ਚੋਣ ’ਚ ਜਗਤਾਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ।