ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਸਤੰਬਰ
ਬਿਜਲੀ ਦੇ ਸਮਾਰਟ ਮੀਟਰ ਲਾਉਣ ਦਾ ਪਿੰਡਾਂ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਇਲਾਕੇ ਦੇ ਕਈ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਤੇ ਜਨਤਕ ਇਕੱਠ ਕਰ ਕੇ ਲੋਕਾਂ ਨੂੰ ਇਸ ਮੁੱਦੇ ’ਤੇ ਲਾਮਬੰਦ ਕਰ ਚੁੱਕੀ ਹੈ। ਜਥੇਬੰਦੀ ਦਾ ਵਫ਼ਦ ਅੱਜ ਇੱਥੇ ਪਾਵਰਕੌਮ ਦੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੂੰ ਮਿਲਿਆ ਅਤੇ ਲੋਕਾਂ ਵਿੱਚ ਬਿਜਲੀ ਮੀਟਰਾਂ ਖ਼ਿਲਾਫ਼ ਪੈਦਾ ਹੋਏ ਵਿਰੋਧ ਤੇ ਰੋਸ ਦੇ ਮੱਦੇਨਜ਼ਰ ਇਸ ਅਮਲ ’ਤੇ ਰੋਕ ਲਾਉਣ ਦੀ ਮੰਗ ਕੀਤੀ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ’ਚ ਮਿਲੇ ਇਸ ਵਫ਼ਦ ਨੇ ਤੱਥ ਪੇਸ਼ ਕਰਦਿਆਂ ਵਕਾਲਤ ਕੀਤੀ ਕਿ ਮੋਦੀ ਹਕੂਮਤ ਵੱਲੋਂ ਠੋਸੀ ਤੇ ਭਗਵੰਤ ਮਾਨ ਸਰਕਾਰ ਵੱਲੋਂ ਲਿਖਤੀ ਤੌਰ ’ਤੇ ਪ੍ਰਵਾਨੀ ਬਿਜਲੀ ਸਮਾਰਟ ਮੀਟਰ ਲਾਉਣ ਦੀ ਨੀਤੀ ਲੋਕਮਾਰੂ ਹੈ। ਇਹ ਕਿਸਾਨਾਂ, ਮਜ਼ਦੂਰਾਂ ਸਣੇ ਸਾਰੇ ਵਰਗਾਂ ਦੇ ਆਮ ਖ਼ਪਤਕਾਰਾਂ ਦੇ ਜਮਾਤੀ ਹਿੱਤਾਂ ਦੇ ਖ਼ਿਲਾਫ਼ ਹੈ।
ਐਕਸੀਅਨ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਮੰਗ ਪੱਤਰ ਵਿੱਚ ਸਮਾਰਟ ਮੀਟਰ ਲਾਉਣੇ ਬੰਦ ਕਰਨ ਦੀ ਮੰਗ ਕਰਦਿਆਂ ਤਾੜਨਾ ਕੀਤੀ ਗਈ ਕਿ ਲੋਕ ਕਿਸੇ ਵੀ ਕੀਮਤ ’ਤੇ ਇਹ ਮੀਟਰ ਨਹੀਂ ਲੱਗਣ ਦੇਣਗੇ। ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਸਰਕਾਰ ਨੂੰ ਪਿੱਛੇ ਹਟਣਾ ਚਾਹੀਦਾ ਹੈ।
ਇਸੇ ਦੌਰਾਨ ਬਿਜਲੀ ਦਫ਼ਤਰ ਸਿੱਧਵਾਂ ਖੁਰਦ ਦੇ ਕਲੈਰੀਕਲ ਤੇ ਟੈਕਨੀਕਲ ਸਟਾਫ਼ ਨੂੰ ਜਗਰਾਉਂ ਤਬਦੀਲ ਕਰਨ ਦਾ ਵਿਰੋਧ ਕਰਦਿਆਂ ਇਹ ਸਟਾਫ਼ ਵਾਪਸ ਸਿੱਧਵਾਂ ਖੁਰਦ ਭੇਜਣ ਦੀ ਮੰਗ ਕੀਤੀ ਗਈ। ਐਕਸੀਅਨ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਮੰਗਾਂ ਨੂੰ ਉੱਚ ਅਧਿਕਾਰੀਆਂ ਤੱਕ ਪੁੱਜਦਾ ਕੀਤਾ ਜਾਵੇਗਾ।