ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਅਗਸਤ
ਸ਼ਹਿਰ ’ਚ ਫੌਗਿੰਗ ਨਾ ਹੋਣ ਕਾਰਨ ਲੋਕਾਂ ਵੱਲੋਂ ਆਪਣੇ ਵਾਰਡਾਂ ਦੇ ਕੌਸਲਰਾਂ ਵੱਲੋਂ ਫੌਗਿੰਗ ਨਾ ਕਰਵਾਉਣ ਲਈ ਅਧਿਕਾਰੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਸਬੰਧੀ ਨਗਰ ਕੌਂਸਲ ’ਚ ਕਾਂਗਰਸੀ ਤੇ ਅਕਾਲੀ ਕੌਂਸਲਰਾਂ ਨੇ ਚੀਫ ਸੈਨੇਟਰੀ ਇੰਸਪੈਕਟਰ ਖ਼ਿਲਾਫ਼ ਮੋਰਚਾ ਵੀ ਖੋਲ੍ਹ ਦਿੱਤਾ ਹੈ।
ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਸੁਨੀਲ ਕੁਮਾਰ ਨੀਟਾ, ਰਣਵੀਰ ਸਿੰਘ ਕਾਕਾ, ਸੰਦੀਪ ਘਈ ਅਤੇ ਸੁਰਿੰਦਰ ਬਾਵਾ ਨੇ ਕਿਹਾ ਕਿ ਕੌਂਸਲ ਵੱਲੋਂ ਹਰ ਸਾਲ ਬਰਸਾਤ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾ ਮੱਛਰਾਂ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਫੌਗਿੰਗ ਕਰਵਾਈ ਜਾਂਦੀ ਹੈ ਪਰ ਇਸ ਵਾਰ ਅੱਧਾ ਸਾਉਣ ਲੰਘਣ ਦੇ ਬਾਵਜੂਦ ਸ਼ਹਿਰ ਵਿੱਚ ਫੌਗਿੰਗ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਾਸੀ ਕਿਸੇ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਆਉਂਦੇ ਹਨ ਤਾਂ ਇਸ ਲਈ ਕੌਂਸਲ ਅਧਿਕਾਰੀ ਜ਼ਿੰਮੇਵਾਰ ਹੋਣਗੇ। ਕੌਂਸਲ ਵੱਲੋਂ ਪੂਰੇ ਸ਼ਹਿਰ ’ਚ ਮਸ਼ੀਨ ਦੀ ਮਦਦ ਨਾਲ ਫੌਗਿੰਗ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ’ਚ ਕੋਈ ਸੱਚਾਈ ਨਹੀਂ ਹੈ।
ਜਲਦੀ ਕਰਵਾਈ ਜਾਵੇਗੀ ਫੌਗਿੰਗ: ਈਓ
ਕੌਂਸਲ ਦੇ ਈਓ ਗੁਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਹੈ, ਜਲਦੀ ਹੀ ਸ਼ਹਿਰ ਵਿੱਚ ਫੌਗਿੰਗ ਕਰਵਾਈ ਜਾਵੇਗਾ। ਇਸ ਸਬੰਧੀ ਇੰਸਪੈਕਟਰ ਸੰਦੀਪ ਕੁਮਾਰ ਨੇ ਕਿਹਾ ਕਿ ਕੌਂਸਲ ਵਾਲੇ ਪਾਸੇ ਦੋ ਮਸ਼ੀਨਾਂ ਨਾਲ ਫੌਗਿੰਗ ਕਰਵਾਈ ਜਾਂਦੀ ਹੈ, ਜਿਨ੍ਹਾਂ ਵਿੱਚੋਂ ਇਕ ਮਸ਼ੀਨ ਖਰਾਬ ਹੈ।