ਜਸਬੀਰ ਸ਼ੇਤਰਾ
ਜਗਰਾਉਂ, 10 ਫਰਵਰੀ
ਆਮ ਆਦਮੀ ਪਾਰਟੀ ਵੱਲੋਂ ਜਗਰਾਉਂ ਤੋਂ ਦੁਬਾਰਾ ਚੋਣ ਮੈਦਾਨ ’ਚ ਉਤਾਰੇ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਹਲਕੇ ਦੇ ਪਿੰਡਾਂ ’ਚ ਚੋਣ ਸਭਾਵਾਂ ਦੌਰਾਨ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਰੱਖਿਆ। ਉਨ੍ਹਾਂ ਕਿਹਾ ਕਿ ਕਰੋੜਾਂ ਦੀ ਜਾਇਦਾਦ ਦੇ ਮਾਲਕ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਮੌਕੇ ਰਾਹੁਲ ਗਾਂਧੀ ਨੇ ਜਿਵੇਂ ਚੰਨੀ ਨੂੰ ‘ਗਰੀਬੜਾ’ ਬਣਾ ਕੇ ਪੇਸ਼ ਕੀਤਾ, ਉਹ ਘਟੀਆ ਰਾਜਨੀਤੀ ਦਾ ਹਿੱਸਾ ਅਤੇ ਨਿੰਦਣਯੋਗ ਹੈ। ਜਿਹੜੇ ਬੰਦਾ ਕਰੋੜਾਂ ਦਾ ਮਾਲਕ ਹੋਵੇ, ਉਸ ਨੂੰ ਗਰੀਬ ਦੱਸ ਕੇ ਵੋਟਾਂ ਮੰਗਣ ਦਾ ਮਤਲਬ ਹੈ ਕਿ ਕਾਂਗਰਸ ਲੋਕਾਂ ਨੂੰ ਜਾਂ ਤਾਂ ਮੂਰਖ ਸਮਝ ਰਹੀ ਹੈ ਜਾਂ ਫਿਰ ਬਣਾ ਰਹੀ ਹੈ। ਪਿੰਡ ਕੋਠੇ ਜੀਵੇ, ਕੋਠੇ ਸ਼ੇਰਜੰਗ, ਰਾਮਗੜ੍ਹ ਭੁੱਲਰ, ਕਮਾਲਪੁਰਾ ਆਦਿ ’ਚ ਭਰਵੇਂ ਚੋਣ ਜਲਸਿਆਂ ਦੌਰਾਨ ਬੀਬੀ ਮਾਣੂੰਕੇ ਨੇ ਕਿਹਾ ਕਿ ਵਿਰੋਧੀ ਹੋਣ ਦੇ ਨਾਤੇ ਕੁਝ ਲੋਕ ਇਸ ਨੂੰ ਚਾਹੇ ਸੱਚ ਨਾ ਮੰਨਣ ਪਰ ਚੰਨੀ ਦੀ ਗਰੀਬੀ ਨੂੰ ਕਾਂਗਰਸ ਦੇ ਹੀ ਸਿੱਧੂ ਜੋੜੇ ਨੇ ਸਭਨਾਂ ਅੱਗੇ ਉਜਾਗਰ ਕਰ ਦਿੱਤਾ ਹੈ। ਇਸ ਲਈ ਸੂਝਵਾਨ ਪੰਜਾਬੀ ਐਤਕੀਂ ਵੋਟ ਦੇ ਹੱਕ ਦੀ ਵਰਤੋਂ ਮੌਕੇ ਪੁਰਾਣੀ ਗਲਤੀ ਨਹੀਂ ਦੁਹਰਾਉਣਗੇ। ਸੂਬੇ ’ਚ ਇਸ ਮੌਕੇ ਬਦਲਾਅ ਦੀ ਲਹਿਰ ਚੱਲ ਰਹੀ ਹੈ ਅਤੇ ਮਾਲਵੇ ਤੋਂ ਇਲਾਵਾ ਮਾਝੇ ਤੇ ਦੋਆਬੇ ’ਚ ਵੀ ‘ਆਪ’ ਦੇ ਹੱਕ ’ਚ ਲੋਕ ਫਤਵਾ ਦੇਣ ਲਈ ਤਿਆਰ ਬੈਠੇ ਹਨ। ਇਸ ਸਮੇਂ ਪ੍ਰੀਤਮ ਸਿੰਘ ਅਖਾੜਾ ਨੇ ਕਿਹਾ ਕਿ ਵਿਰੋਧੀ ਵੋਟਰਾਂ ਨੂੰ ਪੈਸੇ, ਨਸ਼ੇ ਤੇ ਹੋਰ ਕੀਮਤੀ ਸਾਮਾਨ ਵੰਡਣ ਆਉਣਗੇ ਤੇ ਬਦਲੇ ’ਚ ਵੋਟ ਖਰੀਦਣ ਦੀ ਕੋਸ਼ਿਸ਼ ਕਰਨਗੇ। ਇਸ ਲਈ ਲੋਕ ਐਤਕੀਂ ਜ਼ਮੀਨ ਮਾਰ ਕੇ ਵੋਟ ਦੇਣ ਦੀ ਥਾਂ ਆਪਣਾ ਤੇ ਬੱਚਿਆਂ ਦਾ ਭਵਿੱਖ ਸਾਹਮਣੇ ਰੱਖ ਕੇ ਮੱਤ ਦਾ ਦਾਨ ਕਰਨ।