ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਮਈ
ਪੁਲੀਸ ਨੇ ਨਕਲੀ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਦਾ ਪਤਾ ਲਗਾ ਕੇ ਵੱਡੀ ਗਿਣਤੀ ਵਿੱਚ ਸਾਮਾਨ ਬਰਾਮਦ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਸੁਰਜੀਤ ਸਿੰਘ ਦੀ ਅਗਵਾਈ ਹੇਠ ਇਕਬਾਲ ਗੰਜ ਚੌਕ ਸਥਿਤ ਅਰਿਹਾਂਤ ਟਰੇਡਰਜ਼ ’ਤੇ ਛਾਪੇਮਾਰੀ ਕਰ ਕੇ ਕੈਮੀਕਲ ਤੇ ਤਿਆਰ ਕੀਤਾ ਸੈਨੇਟਾਈਜ਼ਰ ਕਬਜ਼ੇ ਵਿੱਚ ਲਿਆ ਹੈ। ਪੁਲੀਸ ਨੇ ਗੁਪਤ ਸੂਚਨਾ ਮਿਲਣ ’ਤੇ ਕਾਰਵਾਈ ਕੀਤੀ ਹੈ। ਫੈਕਟਰੀ ਦਾ ਮਾਲਕ ਵਿਪਨ ਜੈਨ, ਜੀਕੇ ਅਸਟੇਟ ਚੰਡੀਗੜ੍ਹ ਰੋਡ ’ਤੇ ਰਹਿੰਦਾ ਹੈ। ਫੈਕਟਰੀ ਵਿੱਚੋਂ ਇਕ ਡਰੰਮ ਕੈਮੀਕਲ, ਇਕ ਡਰੰਮ ਵਿੱਚ 100 ਲਿਟਰ ਤਿਆਰ ਕੀਤਾ ਸੈਨੇਟਾਈਜ਼ਰ, ਇਕ ਡਰੰਮ ਪਾਣੀ, 5-5 ਲਿਟਰ ਦੀਆਂ 15 ਕੇਨੀਆਂ ਭਰੀਆਂ ਹੋਈਆਂ, 162 ਕੇਨੀਆਂ ਖ਼ਾਲੀ ਤੇ 5-5 ਲੀਟਰ ਦੀਆਂ 15 ਕੇਨੀਆਂ ਖ਼ਾਲੀ ਲੇਬਲ ਲੱਗੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਵੱਲੋਂ ਫੈਕਟਰੀ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ।