ਪੱਤਰ ਪ੍ਰੇਰਕ
ਰਾਏਕੋਟ, 12 ਨਵੰਬਰ
ਰਾਏਕੋਟ ਇਲਾਕੇ ਦੇ ਲੋਕਾਂ ਦੀ ਰਾਏਕੋਟ ਨੂੰ ਰੇਲ ਲਿੰਕ ਨਾਲ ਜੋੜਨ ਦੀ ਚਿਰੋਕਣੀ ਮੰਗ ਦੇ ਪੂਰਾ ਹੋਣ ਦੀ ਅੱਜ ਉਸ ਸਮੇਂ ਵੱਡੀ ਆਸ ਬੱਝੀ, ਜਦ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਰੇਲ ਵਿਭਾਗ ਵੱਲੋਂ ਜਾਰੀ ਇੱਕ ਪੱਤਰ ਨੂੰ ਸਾਂਝੇ ਕਰਦੇ ਹੋਏ ਲਿਖਿਆ ਕਿ ਰੇਲ ਵਿਭਾਗ ਵਲੋਂ ਰਾਏਕੋਟ ਨੂੰ ਰੇਲ ਲਾਈਨ ਨਾਲ ਜੋੜਨ ਦੇ ਕੰਮ ਨੇ ਤੇਜੀ ਫੜ੍ਹ ਲਈ ਹੈ ਅਤੇ ਇਸ ਸਬੰਧੀ ਰੇਲਵੇ ਵਲੋਂ ਸਰਵੇ ਦਾ ਕੰਮ ਨਿਪਟਾ ਲਿਆ ਗਿਆ ਹੈ। ਇਸ ਸਬੰਧੀ ਸੰਸਦ ਮੈਂਬਰ ਡਾ. ਅਮਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸਾਲ 2019 ’ਚ ਸੰਸਦ ਮੈਂਬਰ ਬਣਨ ਤੋਂ ਬਾਅਦ ਲਗਾਤਾਰ ਸੰਸਦ ਵਿੱਚ ਅਤੇ ਕੇਂਦਰ ਸਰਕਾਰ ਕੋਲ ਰਾਏਕੋਟ ਹਲਕੇ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਯਤਨ ਕਰ ਰਹੇ ਸਨ। ਇਸ ਸਬੰਧੀ ਉਨ੍ਹਾਂ ਵਲੋਂ ਮੰਗੀ ਗਈ ਸਟੇਟਸ ਰਿਪੋਰਟ ਦੇ ਜਵਾਬ ਵਿੱਚ ਰੇਲਵੇ ਵਿਭਾਗ ਨੇ ਦੱਸਿਆ ਕਿ ਮੁੱਲਾਂਪੁਰ-ਬਰਨਾਲਾ ਵਾਇਆ ਰਾਏਕੋਟ ਰੇਲ ਲਾਈਨ ਕੱਢਣ ਲਈ ਸਰਵੇ ਦਾ ਕੰਮ ਮੁਕੰਮਲ ਕਰ ਹੈ, ਅਲਾਈਨਮੈਂਟ ਡਿਜ਼ਾਇਨ ਦਾ ਕੰਮ ਵੀ ਮੁਕੰਮਲ ਹੋਣ ਤੋਂ ਬਾਅਦ ਸਿਵਲ ਐਸਟੀਮੇਟ, ਸਿਗਨਲ ਅਤੇ ਟੈਲੀਕੌਮ ਐਸਟੀਮੇਟ ਇਲੈਕਟ੍ਰੀਕਲ ਜਨਰਲ ਐਸਟੀਮੇਟ ਵੀ ਤਿਆਰ ਕਰ ਲਿਆ ਹੈ।