ਰਾਏਕੋਟ, 12 ਨਵੰਬਰ
ਰਾਏਕੋਟ ਸਿਟੀ ਪੁਲੀਸ ਨੇ ਬੀਤੀ ਰਾਤ ਨਾਜਾਇਜ਼ ਤਰੀਕੇ ਨਾਲ ਲਜਾਇਆ ਜਾ ਰਿਹਾ ਗਊ ਵੰਸ਼ਾਂ ਦਾ ਭਰਿਆ ਇੱਕ ਟਰੱਕ ਕਾਬੂ ਕਰਕੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਰਾਏਕੋਟ ਸਿਟੀ ਥਾਣੇ ਵਿੱਚ ਦਰਜ ਕੇਸ ਵਿੱਚ ਗਊ ਰੱਖਿਆ ਦਲ ਪੰਜਾਬ ਦੇ ਮੀਤ ਪ੍ਰਧਾਨ ਅਨੁਰਾਗ ਵਰਮਾ ਵਾਸੀ ਮਾਲੇਰਕੋਟਲਾ ਨੇ ਲਿਖਵਾਏ ਆਪਣੇ ਬਿਆਨਾਂ ਵਿੱਚ ਕਿਹਾ ਕਿ ਬੀਤੀ ਰਾਤ ਉਹ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਨਿਕਸਨ ਕੁਮਾਰ ਅਤੇ ਹੋਰ ਸਾਥੀਆਂ ਸਮੇਤ ਮਾਲੇਰਕੋਟਲਾ ਵਿੱਚ ਮੌਜੂਦ ਸੀ, ਜਿੱਥੇ ਉਸ ਨੂੰ ਇੱਕ ਸੂਚਨਾ ਮਿਲੀ ਕਿ ਟਰੱਕ ਨੰਬਰ ਜੇ ਕੇ 18 ਬੀ 6229 ਵਿੱਚ ਗਊ ਵੰਸ਼ ਭਰ ਕੇ ਮਾਲੇਰਕੋਟਲਾ ਤੋਂ ਜੰਮੂ ਕਸ਼ਮੀਰ ਵੱਲ ਵੇਚਣ ਲਈ ਲੈ ਕੇ ਜਾ ਰਹੇ ਹਨ। ਟਰੱਕ ਵਿੱਚ 10 ਗਊ ਵੰਸ਼ ਬੁਰੇ ਭਰੇ ਹੋਏ ਸਨ ਅਤੇ ਜਿਨ੍ਹਾਂ ਨੂੰ ਤਰਪਾਲਾਂ ਪਾ ਕੇ ਢੱਕਿਆ ਹੋਇਆ ਸੀ। ਪੁੱਛ-ਪੜਤਾਲ ’ਤੇ ਟਰੱਕ ਚਾਲਕ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ ਤਾਂ ਉਨ੍ਹਾਂ ਵੱਲੋਂ ਉਸ ਦੀ ਸੂਚਨਾ ਰਾਏਕੋਟ ਪੁਲੀਸ ਨੂੰ ਦੇ ਕੇ ਟਰੱਕ ਚਾਲਕ ਅਤੇ ਗਊ ਵੰਸ਼ਾਂ ਨਾਲ ਭਰਿਆ ਟਰੱਕ ਪੁਲੀਸ ਹਵਾਲੇ ਕਰ ਦਿੱਤਾ ਗਿਆ। ਪੁਲੀਸ ਨੇ ਸ਼ਾਹਨਵਾਜ਼ ਆਲਮ ਤੇ ਅਹਿਸਾਨ ਅਲੀ ਵਾਸੀ ਜ਼ਿਲ੍ਹਾ ਸਹਾਰਨਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।