ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਕਤੂਬਰ
ਰੇਲ ਯਾਤਰੀਆਂ ਦੀ ਸਹੂਲਤ, ਸੁਰੱਖਿਆ ਅਤੇ ਅਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਵਿਸ਼ੇਸ਼ ਟਿਕਟ ਮੁਹਿੰਮ ਚਲਾਈ ਜਾ ਰਹੀ ਹੈ। ਫਿਰੋਜ਼ਪੁਰ ਮੰਡਲ ਵਿੱਚ ਟਿਕਟ ਚੈਕਿੰਗ ਸਟਾਫ਼ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ। ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੌਰਾਨ ਰਾਮ ਰੂਪ ਮੀਨਾ ਟੀਟੀਆਈ ਲੁਧਿਆਣਾ ਨੇ ਇੱਕ ਦਿਨ ’ਚ 1,80,140 ਰੁਪਏ ਟਿਕਟ ਚੈਕਿੰਗ ਰਾਹੀਂ ਖਜ਼ਾਨੇ ’ਚ ਵਾਧਾ ਕੀਤਾ, ਜੋ ਕਿ ਫਿਰੋਜ਼ਪੁਰ ਮੰਡਲ ’ਚ ਇੱਕ ਦਿਨ ਦੀ ਟਿਕਟ ਚੈਕਿੰਗ ਤੋਂ ਹੋਈ ਸਭ ਤੋਂ ਵੱਧ ਆਮਦਨੀ ਹੈ। ਇਸ ਤੋਂ ਇਲਾਵਾ ਰਮਣੀਕ ਕੌਰ ਟੀਟੀਆਈ ਲੁਧਿਆਣਾ, ਰਾਜਿੰਦਰ ਸਿੰਘ ਸੀਆਈਟੀ , ਅਮਨਦੀਪ ਸੇਖੜੀ ਟੀਟੀਆਈ, ਸੋਮਪਾਲ ਟੀਟੀਆਈ ਜਲੰਧਰ ਕੈਂਟ, ਅਮਨਦੀਪ ਸਿੰਘ ਸੈਣੀ ਸੀਟੀਆਈ , ਕੇਪੀ ਸਿੰਘ ਸੀਟੀਆਈ ਜਲੰਧਰ ਸਿਟੀ ਤੇ ਨਵੀਨ ਸ਼ਰਮਾ ਟੀਟੀਆਈ ਜਲੰਧਰ ਸਿਟੀ ਵੱਲੋਂ ਇੱਕ ਦਿਨ ’ਚ ਇੱਕ ਲੱਖ ਤੋਂ ਵੱਧ ਦਾ ਜੁਰਮਾਨਾ ਲਾ ਕੇ ਖਜ਼ਾਨੇ ’ਚ ਵਾਧਾ ਕੀਤਾ ਗਿਆ ਹੈ। ਫਿਰੋਜ਼ਪੁਰ ਮੰਡਲ ਵਿੱਚ ਬਿਨਾਂ ਟਿਕਟ ਅਤੇ ਬਿਨਾਂ ਟਿਕਟ ਦੇ ਯਾਤਰਾ ’ਤੇ ਰੋਕ ਲਾਉਣ ਤੇ ਯਾਤਰੀਆਂ ਦੀ ਸਹੂਲਤ ਤੇ ਆਰਾਮਦਾਇਕ ਯਾਤਰਾ ਕਾਰਨ ਵਿਸ਼ੇਸ਼ ਟਿਕਟ ਮੁਹਿੰਮ ਸ਼ੁਰੂ ਕੀਤੀ ਹੋਈ ਹੈ।