ਸਤਵਿੰਦਰ ਬਸਰਾ
ਲੁਧਿਆਣਾ, 3 ਜੁਲਾਈ
ਪੰਜਾਬ ਵਿੱਚ ਮੌਨਸੂਨ ਦਾ ਸੀਜਣ ਤਾਂ ਭਾਵੇਂ ਬੀਤੀ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਚੁੱਕਾ ਹੈ ਪਰ ਮੀਂਹ ਉਸ ਮੁਕਾਬਲੇ ਬਹੁਤ ਘੱਟ ਪਿਆ ਹੈ। ਪਹਿਲੇ ਦਿਨ ਸਿਰਫ 6 ਐਮਐਮ ਮੀਂਹ ਪਿਆ ਜਦਕਿ ਐਤਵਾਰ18.8 ਐਮਐਮ ਮੀਂਹ ਪਿਆ ਦਸਿਆ ਜਾ ਰਿਹਾ ਹੈ। ਪਰ ਇਸ ਮੀਂਹ ਕਾਰਨ ਸ਼ਹਿਰ ਦੀਆਂ ਕਈ ਨੀਵੀਆਂ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਕਈਆਂ ਵਿੱਚ ਟੋਏ ਪੈਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਵਾਰ ਮੌਨਸੂਨ ਪੂਰੇ ਸਮੇਂ ’ਤੇ ਪੰਜਾਬ ਪਹੁੰਚ ਗਿਆ ਹੈ। ਮੌਸਮ ਮਾਹਿਰਾਂ ਵੱਲੋਂ ਮੌਨਸੂਨ ਸੀਜ਼ਨ ਦੇ ਪਹਿਲੇ ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ ਪਰ ਇੱਕ ਦਿਨ ਮੀਂਹ ਪੈਣ ਤੋਂ ਬਾਅਦ ਐਤਵਾਰ ਤੜਕੇ ਅਤੇ ਸਵੇਰੇ ਕੁਝ ਸਮਾਂ ਮੀਂਹ ਪਿਆ। ਇਸ ਥੋੜ੍ਹੇ ਜਿਹੇ ਮੀਂਹ ਨੇ ਹੀ ਸ਼ਹਿਰ ਦੀਆਂ ਕਈ ਨੀਵੀਆਂ ਸੜਕਾਂ ’ਤੇ ਪਾਣੀ ਖੜ੍ਹਾ ਕਰ ਦਿੱਤਾ। ਇਨਾਂ ’ਚ ਨਵੀਆਂ ਕਚਿਹਰੀਆਂ ਦੇ ਸਾਹਮਣੇ, ਟਰਾਂਸਪੋਰਟ ਨਗਰ, ਗਊਸ਼ਾਲਾ ਰੋਡ, ਜਮਾਲਪੁਰ ਨੇੜੇ ਪੁਲੀਸ ਚੌਕੀ ਵਾਲੀ ਸੜਕ ਆਦਿ ਸ਼ਾਮਿਲ ਹਨ। ਇਸੇ ਤਰ੍ਹਾਂ ਕਈ ਸੜਕਾਂ ਵਿੱਚ ਵੱਡੇ ਵੱਡੇ ਟੋਏ ਪੈਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੀਂਹ ਨਾਲ ਭਾਵੇਂ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ ਪਰ ਦੁਪਹਿਰ ਹੁੰਦੇ ਤੱਕ ਦੁਬਾਰਾ ਗਰਮੀ ਹੋ ਗਈ। ਕਈ ਵਾਰ ਬੱਦਲਾਂ ਵਿੱਚੋਂ ਸੂਰਜ ਵੀ ਝਾਤੀ ਮਾਰਦਾ ਰਿਹਾ। ਅਕਾਸ਼ ਵਿੱਚ ਬੱਦਲਾਂ ਅਤੇ ਸੂਰਜ ਦੀ ਲੁਕਣ ਮੀਟੀ ਵਾਲਾ ਦ੍ਰਿਸ਼ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ।
ਦੂਜੇ ਪਾਸੇ ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਨੇ ਦੱਸਿਆ ਕਿ ਐਤਵਾਰ ਲੁਧਿਆਣਾ ਵਿੱਚ 18.8 ਐਮਐਮ ਮੀਂਹ ਪਿਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦੋ ਦਿਨ ਮੌਸਮ ਖੁਸ਼ਕ ਰਹੇਗਾ ਜਦਕਿ 6 ਅਤੇ 7 ਜੁਲਾਈ ਨੂੰ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਮੀਂਹ ਝੋਨੇ ਦੀ ਫਸਲ ਲਈ ਲਾਹੇਵੰਦ ਹੈ।