ਡੀਪੀਐੱਸ ਬੱਤਰਾ
ਸਮਰਾਲਾ, 28 ਜਨਵਰੀ
ਸੰਯੁਕਤ ਸਮਾਜ ਮੋਰਚੇ ਦੇ ਮੁੱਖ ਮੰਤਰੀ ਦੇ ਚਿਹਰੇ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਇੱਥੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਸ੍ਰੀ ਰਾਜੇਵਾਲ ਜਿਹੜੇ ਕਿ, ਸਮਰਾਲਾ ਵਿਧਾਨ ਸਭਾ ਹਲਕੇ ਤੋਂ ਮੋਰਚੇ ਵੱਲੋਂ ਚੋਣ ਲੜ ਰਹੇ ਹਨ, ਨੇ ਕਾਂਗਰਸ ਅਤੇ ਅਕਾਲੀ ਦਲ ਸਮੇਤ ਆਮ ਆਦਮੀ ਪਾਰਟੀ ਨੂੰ ਸਿਆਸੀ ਰਗੜੇ ਲਾਉਂਦੇ ਹੋਏ, ਇਨ੍ਹਾਂ ਨੂੰ ਪੰਜਾਬ ਦੀ ਬਰਬਾਦੀ ਲਈ ਬਰਾਬਰ ਦਾ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਸੂਬੇ ਦੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਉੱਤੇ ਰੇਤਾ, ਬਜਰੀ, ਸ਼ਰਾਬ, ਕੇਬਲ, ਟਰਾਂਸਪੋਰਟ ਸਮੇਤ ਕਈ ਹੋਰ ਨਾਜਾਇਜ਼ ਕਾਰੋਬਾਰਾਂ ਰਾਹੀ ਸਾਲਾਨਾ 1 ਲੱਖ ਕਰੋੜ ਰੁਪਏ ਦੀ ਲੁੱਟ ਕੀਤੇ ਜਾਣ ਦੇ ਵੱਡੇ ਦੋਸ਼ ਲਗਾਏ ਹਨ। ਉਨਾਂ ਅਕਾਲੀ ਦਲ ਅਤੇ ਕਾਂਗਰਸ ਵਿੱਚ ਅੰਦਰਖਾਤੇ ਇੱਕ-ਮਿੱਕ ਹੋਣ ਦੀ ਗੱਲ ਆਖਦਿਆ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ’ਤੇ ਵੀ ਪੰਜਾਬ ਵਿਰੋਧੀ ਏਜੰਡੇ ’ਤੇ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਸਾਰੀਆਂ ਹੀ ਪਾਰਟੀਆਂ ਵਿੱਚ ਟਿਕਟਾਂ ਵੇਚੇ ਜਾਣ ਦੇ ਦੋਸ਼ ਲਗਾਉਂਦਿਆ ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕਰਨ ਵਾਲੇ ਉਮੀਦਵਾਰਾਂ ਤੋਂ ਪੰਜਾਬ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਸੰਯੁਕਤ ਸਮਾਜ ਮੋਰਚੇ ਨੇ ਪੰਜਾਬ ਦੀ ਰਾਜਨੀਤੀ ਵਿੱਚ ਪਏ ਗੰਦ ਨੂੰ ਸਾਫ ਕਰਨ ਦਾ ਬੀੜਾ ਚੁੱਕਿਆ ਹੈ। ਇਸ ਮੌਕੇ ਆਲਮਦੀਪ ਸਿੰਘ ਮੱਲਮਾਜਰਾ, ਹਰਪਾਲ ਸਿੰਘ ਢਿੱਲੋਂ, ਜੋਗਿੰਦਰ ਸਿੰਘ ਹਾਜ਼ਰ ਸਨ।